ਨਿਤਿਨ ਕਾਲੀਆ, ਛੇਹਰਟਾ : ਥਾਣਾ ਛੇਹਰਟਾ ਦੇ ਇਲਾਕਾ ਘੰਣੂਪੁਰ ਕਾਲੇ ਸਥਿਤ ਰਿਆਸਤ ਐਵੇਨਿਊ ਵਿਖੇ ਨੌਜਵਾਨ ਨੇ ਨਸ਼ੇ ਦੀ ਵਿਕਰੀ ਦਾ ਵਿਰੋਧ ਕਰ ਰਹੇ ਆਪਣੇ ਦੋਸਤ ਦੇ ਮੱਥੇ 'ਚ ਗੋਲ਼ੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ। ਮ੍ਰਿਤਕ ਦੀ ਪਛਾਣ ਰਛਪਾਲ ਸਿੰਘ ਲਾਡੀ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਦਿਲਬਾਗ ਸਿੰਘ ਨੇ ਦੱਸਿਆ ਕਿ ਸੋਮਵਾਰ ਸਵੇਰੇ ਉਸ ਦੇ ਮਾਤਾ-ਪਿਤਾ ਦਵਾਈ ਲੈਣ ਲਈ ਬਾਜ਼ਾਰ ਗਏ ਹੋਏ ਸਨ ਤੇ ਉਹ ਆਪਣੇ ਭਰਾ ਲਾਡੀ ਨਾਲ ਘਰ 'ਚ ਮੌਜੂਦ ਸੀ। ਇਸ ਦੌਰਾਨ ਕਰੀਬ 10 ਵਜੇ ਗਾਇਤਰੀ ਮੰਦਰ ਵਾਲੀ ਗਲੀ 'ਚ ਰਹਿਣ ਵਾਲਾ ਲਲਿਤ ਨਾਂ ਦਾ ਨੌਜਵਾਨ ਉਨ੍ਹਾਂ ਦੇ ਘਰ ਦਾਖਲ ਹੋ ਗਿਆ ਤੇ ਉਸ ਦੇ ਭਰਾ ਨਾਲ ਝਗੜਾ ਕਰਨ ਲੱਗ ਪਿਆ। ਵੇਖਦੇ ਹੀ ਵੇਖਦੇ ਮੁਲਜ਼ਮ ਨੇ ਪਿਸਤੌਲ ਨਾਲ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਕ ਗੋਲ਼ੀ ਲਾਡੀ ਦੇ ਮੱਥੇ 'ਚ ਲੱਗੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਕੇ ਉਥੇ ਹੀ ਡਿੱਗ ਪਿਆ। ਜਦ ਦਿਲਬਾਗ ਸਿੰਘ ਨੇ ਰੌਲਾ ਪਾਇਆ ਤਾਂ ਲਲਿਤ ਮੌਕੇ ਤੋਂ ਫਰਾਰ ਹੋ ਗਿਆ। ਆਲੇ-ਦੁਆਲੇ ਦੇ ਲੋਕਾਂ ਨੇ ਲਾਡੀ ਨੂੰ ਅਮਨਦੀਪ ਹਸਪਤਾਲ ਦਾਖਲ ਕਰਵਾਇਆ, ਜਿੱਥੇ ਕੁੱਝ ਦੇਰ ਬਾਅਦ ਉਸ ਦੀ ਮੌਤ ਹੋ ਗਈ। ਆਲੇ-ਦੁਆਲੇ ਦੇ ਲੋਕਾਂ ਨੇ ਦੱਸਿਆ ਕਿ ਲਾਡੀ ਤੇ ਲਲਿਤ ਵਿਚਾਲੇ ਬੀਤੇ ਦਿਨੀਂ ਕਿਸੇ ਨੂੰ ਲੈ ਕੇ ਝਗੜਾ ਹੋਇਆ ਸੀ। ਇਸੇ ਰੰਜਿਸ਼ ਤਹਿਤ ਲਲਿਤ ਨੇ ਲਾਡੀ 'ਤੇ ਹਮਲਾ ਕੀਤਾ ਹੈ।

ਲਾਡੀ ਨਸ਼ੇ ਦਾ ਕਰਦਾ ਸੀ ਵਿਰੋਧ : ਜਸਬੀਰ ਕੌਰ

ਮ੍ਰਿਤਕ ਦੀ ਮਾਂ ਜਸਬੀਰ ਕੌਰ ਨੇ ਦੱਸਿਆ ਕਿ ਉਹ ਆਪਣੇ ਪਤੀ ਬੂਟਾ ਸਿੰਘ ਤੇ ਲੜਕਿਆਂ ਨਾਲ ਮਿਹਨਤ ਮਜ਼ਦੂਰੀ ਕਰ ਕੇ ਪਰਿਵਾਰ ਚਲਾ ਰਹੀ ਹੈ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਵੱਡੀ ਲੜਕੀ ਦਾ ਵਿਆਹ ਕੀਤਾ ਸੀ। ਰਛਪਾਲ ਸਿੰਘ ਦੀ ਇਲਾਕੇ ਦੇ ਹੀ ਨੌਜਵਾਨ ਲਲਿਤ ਸ਼ਰਮਾ ਨਾਲ ਦੋਸਤੀ ਸੀ। ਕੁਝ ਸਮੇਂ ਬਾਅਦ ਲਾਡੀ ਨੂੰ ਪਤਾ ਲੱਗਾ ਕਿ ਲਲਿਤ ਨਸ਼ੇ ਦਾ ਕਾਰੋਬਾਰ ਕਰਦਾ ਹੈ, ਜਿਸ ਕਾਰਨ ਉਸ ਨੇ ਉਸ ਤੋਂ ਦੂਰ ਰਹਿਣਾ ਸ਼ੁਰੂ ਕਰ ਦਿੱਤਾ। ਲਾਡੀ ਨੇ ਆਪਣੇ ਦੋਸਤ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਬਾਜ਼ ਨਹੀਂ ਆਇਆ। ਕੁਝ ਦਿਨ ਪਹਿਲਾਂ ਨਸ਼ੇ ਦੀ ਖੇਪ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ। ਉਦੋਂ ਤੋਂ ਉਹ ਰੰਜਿਸ਼ ਰੱਖ ਰਿਹਾ ਸੀ।

ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕੀਤੀ ਜਾ ਰਹੀ ਹੈ ਛਾਪੇਮਾਰੀ : ਏਸੀਪੀ

ਵਾਰਦਾਤ ਦੀ ਖਬਰ ਮਿਲਦਿਆਂ ਏਸੀਪੀ ਪੱਛਮੀ ਦੇਵਦੱਤ ਸ਼ਰਮਾ, ਥਾਣਾ ਮੁਖੀ ਰਾਜਵਿੰਦਰ ਕੌਰ ਪੁਲਿਸ ਪਾਰਟੀ ਨਾਲ ਹਸਪਤਾਲ ਪੁੱਜੇ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਏਸੀਪੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਿਸ ਪਾਰਟੀ ਵੱਲੋਂ ਛਾਪੇਮਾਰੀ ਜਾਰੀ ਹੈ।

Posted By: Amita Verma