ਜੇਐੱਨਐੱਨ, ਅੰਮਿ੍ਤਸਰ : ਅੰਮਿ੍ਤਸਰ, ਤਰਨਤਾਰਨ ਤੇ ਬਟਾਲਾ 'ਚ ਜ਼ਹਿਰੀਲੀ ਸ਼ਰਾਬ ਨਾਲ 123 ਮੌਤਾਂ ਤੋਂ ਬਾਅਦ ਅੰਮਿ੍ਤਸਰ 'ਚ ਪੁਲਿਸ ਕਾਰਵਾਈ ਜਾਰੀ ਹੈ।

ਐਤਵਾਰ ਨੂੰ ਪੁਲਿਸ ਨੇ ਡਰੋਨ ਜ਼ਰੀਏ ਨਿਗਰਾਨੀ ਕਰ ਕੇ ਕਈ ਜਗ੍ਹਾਂ ਛਾਪੇ ਮਾਰੇ ਤੇ ਨੌ ਸਮੱਗਲਰਾਂ ਨੂੰ ਗਿ੍ਫ਼ਤਾਰ ਕੀਤਾ। ਹਾਲਾਂਕਿ 17 ਜਣੇ ਫ਼ਰਾਰ ਹੋ ਗਏ। ਇਸ ਦੌਰਾਨ 292 ਲੀਟਰ ਨਾਜਾਇਜ਼ ਸ਼ਰਾਬ, 130 ਕਿਲੋ ਲਾਹਣ, 190 ਲੀਟਰ ਸਪਿਰਟ ਤੇ ਇਕ ਚਾਲੂ ਭੱਠੀ ਫੜੀ ਗਈ। ਅੰਮਿ੍ਤਸਰ ਦਿਹਾਤੀ ਥਾਣੇ ਦੇ ਐੱਸਪੀ ਗੌਰਵ ਤੁਰਾ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਕਿਸੇ ਨੂੰ ਬਖਸ਼ਿਆ ਨਹੀਂ ਜਾਵੇਗਾ।

ਪੋਸਟਮਾਰਟਮ ਰਿਪੋਰਟ ਆਉਣ ਨੂੰ ਲੱਗੇਗਾ ਸਵਾ ਮਹੀਨਾ

ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੇ ਮਾਮਲੇ 'ਚ ਪੋਸਟਮਾਰਟਮ ਰਿਪੋਰਟ ਆਉਣ 'ਚ ਇਕ ਤੋਂ ਸਵਾ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਪੁਲਿਸ ਮਿ੍ਤਕਾਂ ਦੀ ਪੋਸਟਮਾਰਟਮ ਰਿਪੋਰਟ ਤੇ ਜ਼ਹਿਰੀਲੀ ਸ਼ਰਾਬ ਦੇ ਸੈਂਪਲ ਦਾ ਉਡੀਕ 'ਚ ਹੈ। ਜਾਂਚ ਅਧਿਕਾਰੀ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਕਿਹਾ ਕਿ ਇਹ ਕੇਸ ਮਹੱਤਵਪੂਰਨ ਹੋਣ ਕਾਰਨ ਘੱਟੋ-ਘੱਟ ਇਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਆਮ ਮਾਮਲਿਆਂ 'ਚ ਛੇ ਤੋਂ ਨੌ ਮਹੀਨਿਆਂ ਦਾ ਸਮਾਂ ਵੀ ਲੱਗ ਜਾਂਦਾ ਹੈ।

ਪਹਿਲਾਂ ਵੀ ਸਪਿਰਟ ਸਪਲਾਈ ਕਰ ਚੁੱਕੇ ਹਨ ਮੁਲਜ਼ਮ

ਜਾਂਚ 'ਚ ਪਤਾ ਚੱਲਿਆ ਹੈ ਕਿ ਮੋਗਾ ਦੇ ਰਵਿੰਦਰ ਸਿੰਘ ਤੇ ਅਵਤਾਰ ਸਿੰਘ ਪਹਿਲਾਂ ਵੀ ਕੁਝ ਫੈਕਟਰੀਆਂ 'ਚੋਂ ਸਪਿਰਟ ਸਪਲਾਈ ਕਰ ਚੁੱਕੇ ਹਨ। ਪੁਲਿਸ ਪਤਾ ਲਾ ਰਹ ਹੈ ਕਿ ਜਿਹੜੇ ਲੋਕਾਂ ਨੂੰ ਉਕਤ ਦੋਵਾਂ ਮੁਲਜ਼ਮਾਂ ਨੇ ਸਪਿਰਟ ਵੇਚੀ ਸੀ ਉਹ ਵੀ ਕਿਤੇ ਸ਼ਰਾਬ ਸਮੱਗਲਿੰਗ ਦਾ ਕਾਰੋਬਾਰ ਤਾਂ ਨਹੀਂ ਕਰ ਰਹੇ। ਸਬ-ਇੰਸਪੈਕਟਰ ਮਨਜੀਤ ਸਿੰਘ ਨੇ ਦੱਸਿਆ ਕਿ ਸੋਮਵਾਰ ਨੂੰ ਲੁਧਿਆਣਾ ਦੇ ਪੇਂਟ ਕਾਰੋਬਾਰੀ ਰਾਜੀਵ ਜੋਸ਼ੀ, ਮੋਗਾ ਦੇ ਰਵਿੰਦਰ ਸਿੰਘ, ਅਵਤਾਰ ਸਿੰਘ ਤੇ ਅਸ਼ਵਨੀ ਨੂੰ ਕੋਰਟ 'ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ।