ਜੇਐੱਨਐੱਨ/ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ 90 ਦੇਸ਼ਾਂ ਦੇ ਰਾਜਦੂਤ ਗੁਰੂ ਨਗਰੀ ਅੰਮ੍ਰਿਤਸਰ ਪਹੁੰਚੇ। ਉਨ੍ਹਾਂ ਸ੍ਰੀ ਦਰਬਾਰ ਸਾਹਿਬ 'ਚ ਦਰਸ਼ਨ ਕੀਤੇ ਤੇ ਮੱਥਾ ਟੇਕਿਆ। ਰਾਜਦੂਤਾਂ ਦੇ ਵਫ਼ਦ ਨੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇਖਿਆ ਤੇ ਲੰਗਰ ਭਵਨ ਵੀ ਗਏ। ਇਸ ਮੌਕੇ ਉਨ੍ਹਾਂ ਨੂੰ ਐੱਸਜੀਪੀਸੀ ਵੱਲੋਂ ਸਨਮਾਨਿਤ ਕੀਤਾ ਗਿਆ। ਰਾਜਦੂਤਾਂ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਸਮੂਹਕ ਤਸਵੀਰਾਂ ਵੀ ਖਿਚਵਾਈਆਂ।

ਰਾਜਦੂਤਾਂ ਲਈ ਕਰਵਾਏ ਸਮਾਗਮ ਤੋਂ ਬਾਅਦ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਇਹ ਇਤਿਹਾਸਕ ਮੌਕਾ ਹੈ ਕਿ 90 ਦੇਸ਼ਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸੰਦਰਭ 'ਚ ਸ੍ਰੀ ਦਰਬਾਰ ਸਾਹਿਬ ਆਏ ਹਨ। ਇਸ ਤੋਂ ਪਹਿਲਾਂ ਕਦੀ ਅਜਿਹਾ ਨਹੀਂ ਹੋਇਆ ਹੈ। ਪਾਕਿਸਤਾਨ ਦੇ ਰਾਜਦੂਤ ਦੇ ਨਾ ਆਉਣ ਸਬੰਧੀ ਉਨ੍ਹਾਂ ਕਿਹਾ, ਅਸੀਂ ਸਾਰੇ ਦੇਸ਼ਾਂ ਦੇ ਰਾਜਦੂਤਾਂ ਨੂੰ ਸੱਦਾ ਭੇਜਿਆ ਸੀ। ਹੋ ਸਕਦਾ ਹੈ ਉਹ ਬਿਜ਼ੀ ਹੋਣ। ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਪਾਕਿਸਤਾਨ ਵੱਲੋਂ 20 ਡਾਲਰ ਫੀਸ ਲਗਾਉਣ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਹੈ। ਹਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਸ਼ਰਧਾਲੂਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤਾਂ ਦੇਵੇ।

ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਉੱਥੋਂ ਸਾਰੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਏ। ਉਨ੍ਹਾਂ ਨਾਲ ਕੇਂਦਰੀ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਪੁਰੀ ਵੀ ਸਨ। ਉਹ ਹਰਦੀਪ ਪੁਰੀ ਦੀ ਅਗਵਾਈ 'ਚ ਦਰਬਾਰ ਸਾਹਿਬ 'ਚ ਦਰਸ਼ਨਾਂ ਲਈ ਪਹੁੰਚੇ।

90 ਦੇਸ਼ਾਂ ਦੇ ਰਾਜਦੂਤ ਪਹਿਲਾਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਪੁੱਜੇ ਤਾਂ ਉਨ੍ਹਾਂ ਦਾ ਰਵਾਇਤੀ ਤਰੀਕੇ ਨਾਲ ਸਵਾਗਤ ਕੀਤਾ ਗਿਆ। ਉਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਹੈਰੀਟੇਜ ਸਟ੍ਰੀਟ ਲਈ ਰਵਾਨਾ ਹੋਇਆ। ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣਗੇ ਤੇ ਇਸ ਤੋਂ ਬਾਅਦ ਹੋਰ ਥਾਵਾਂ 'ਤੇ ਵੀ ਜਾਣਗੇ। ਉਨ੍ਹਾਂ ਨਾਲ ਕੇਂਦਰੀ ਮੰਤਰੀ ਹਰਦੀਪ ਪੁਰੀ ਵੀ ਹਨ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਰਾਜਦੂਤਾਂ ਦੇ ਕਾਫ਼ਲੇ ਦੇ ਨਾਲ ਹਨ। ਇਸ ਦੌਰਾਨ ਐੱਸਜੀਪੀਸੀ ਵੱਲੋਂ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ।

ਵਿਦੇਸ਼ੀ ਰਾਜਦੂਤਾਂ ਨੂੰ ਇੰਟਰਪ੍ਰੀਟੇਸ਼ਨ ਸੈਂਟਰ 'ਚ 3D ਪ੍ਰੈਜ਼ੇਂਟਸ਼ਨ ਜ਼ਰੀਏ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਗਈ ਗੁਰੂ ਨਗਰੀ ਤੇ ਸ੍ਰੀ ਦਰਬਾਰ ਸਾਹਿਬ ਦੇ ਇਤਿਹਾਸ ਦੀ ਜਾਣਕਾਰੀ ਦਿੱਤੀ ਜਾਵੇਗੀ। ਲਗਪਗ ਪੌਣਾ ਘੰਟਾ ਵਫ਼ਦ ਇੰਟਰਪ੍ਰੀਟੇਸ਼ਨ ਸੈਂਟਰ 'ਚ ਇਹ ਸਾਰੀਆਂ ਜਾਣਕਾਰੀਆਂ ਲਵੇਗਾ।

ਰਾਜਦੂਤਾਂ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਘੰਟਾਘਰ ਵਾਲੀ ਸਾਈਡ 'ਤੇ ਸਥਿਤ ਗੋਲਡਨ ਪਲਾਜ਼ਾ 'ਚ ਸਮਾਗਮ ਵਾਸਤੇ ਵਿਸ਼ਾਲ ਟੈਂਟ ਲਗਾਇਆ ਗਿਆ ਹੈ। ਸੋਮਵਾਰ ਨੂੰ ਐੱਸਜੀਪੀਸੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਡੀਸੀਪੀ ਜਗਮੋਹਨ ਸਿੰਘ, ਐੱਸਡੀਸੀਪੀ ਜਗਮੋਹਨ ਸਿੰਘ, ਐੱਸਡੀਪੀ ਹਰਜੀਤ ਸਿੰਘ ਧਾਲੀਵਾਲ ਤੇ ਸਿਵਲ ਪ੍ਰਸ਼ਾਸਨ ਦੇ ਅਲੱਗ-ਅਲੱਗ ਅਧਿਕਾਰੀਆਂ ਨੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਸੀ।

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਵਿਖੇ ਇਕ ਵਿਸ਼ੇਸ਼ ਪੰਡਾਲ ਲਗਾਇਆ ਗਿਆ ਹੈ, ਜਿੱਥੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਮਗਰੋਂ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਜਾਵੇਗਾ।

Posted By: Seema Anand