ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਬੋਰਡ ਦੇ ਪ੍ਰਬੰਧਕਾਂ, ਪੰਜ ਸਿੰਘ ਸਾਹਿਬਾਨ ਤੇ ਸੰਤਾਂ ਮਹਾਪੁਰਸ਼ਾਂ ਨਾਲ ਵਿਸਾਖੀ ਪੁਰਬ ਮੌਕੇ ਬੈਠਕ ਕੀਤੀ ਗਈ। ਇਸ ਬੈਠਕ ਵਿਚ ਜਥੇਦਾਰ ਬਾਬਾ ਕੁਲਵੰਤ ਸਿੰਘ, ਭਾਈ ਰਾਮ ਸਿੰਘ ਮੀਤ ਜਥੇਦਾਰ, ਭਾਈ ਕਸ਼ਮੀਰ ਸਿੰਘ ਹੈੱਡ ਗ੍ੰਥੀ, ਭਾਈ ਗੁਰਮੀਤ ਸਿੰਘ ਮੀਤ ਗ੍ੰਥੀ, ਭਾਈ ਜੋਗਿੰਦਰ ਸਿੰਘ ਧੂਪੀਆ ਵੱਲੋਂ ਗੰਭੀਰਤਾ ਨਾਲ ਵਿਚਾਰ ਕਰ ਕੇ ਵਿਸਾਖੀ ਪੁਰਬ ਸਮੇਂ ਅੰਮਿ੍ਤ ਸੰਚਾਰ, ਪਾਠ ਤੇ ਖਾਲਸਾ ਪੰਥ ਦੇ ਜਨਮ ਦੀ ਖੁਸ਼ੀ ਵਿਚ ਮਨਾਏ ਜਾਣ ਵਾਲੇ ਇਸ ਮਹੀਨਾ ਦੇ ਸਮਾਗਮ ਕੋਰੋਨਾ ਦੇ ਹਾਲਾਤ ਦੇ ਮੱਦੇਨਜ਼ਰ ਰੱਦ ਕਰਨ ਦਾ ਫੈਸਲਾ ਕੀਤਾ ਗਿਆ।

ਕੋਰੋਨਾ ਕਾਰਨ ਮਹਾਰਾਸ਼ਟਰ ਸਰਕਾਰ ਨੇ 5 ਅਪ੍ਰੈਲ ਤੋਂ 30 ਅਪ੍ਰੈਲ ਲਈ ਲਾਕਡਾਉਨ ਲਾਇਆ ਹੈ, ਜਿਸ ਵਿਚ ਸਰਕਾਰ ਦੇ ਨਿਰਦੇਸ਼ ਮੁਤਾਬਕ ਸਮੂਹ ਧਾਰਮਿਕ ਸਥਾਨਾਂ 'ਤੇ ਹੋਣ ਵਾਲੇ ਸਮੂਹ ਧਾਰਮਿਕ ਸਮਾਗਮ ਇਕੱਠ ਆਦਿ ਦੀ ਸਖ਼ਤ ਪਾਬੰਦੀ ਲਾਈ ਗਈ ਹੈ। ਪੁਲਿਸ ਪ੍ਰਸਾਸ਼ਨ ਵੱਲੋਂ ਜਾਰੀ ਪੱਤਰ ਮੁਤਾਬਕ ਗੁਰਦੁਆਰਾ ਬੋਰਡ ਦੇ ਪ੍ਰਬੰਧਕਾਂ ਨੂੰ ਮਹਾਰਾਸ਼ਟਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਣ ਦੀ ਹਦਾਇਤ ਕੀਤੀ ਹੈ।

ਇਸ ਮੌਕੇ ਗੁਰਦੁਆਰਾ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਨਹਾਸ ਨੇ ਸਰਕਾਰੀ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਬਾਰੇ ਕਿਹਾ ਹੈ। ਦੱਸਣਯੋਗ ਹੈ ਕਿ ਹੋਲੇ ਮਹੱਲੇ ਮੇਲੇ ਮੌਕੇ ਸਿੱਖ ਸੰਗਤਾਂ ਤੇ ਪੁਲਿਸ ਪ੍ਰਸਾਸ਼ਨ ਵਿਚ ਝੜਪ ਹੋਈ ਸੀ, ਜਿਸ ਕਾਰਨ ਪਹਿਲਾਂ ਪ੍ਰਬੰਧਕਾਂ ਵਲੋਂ ਪ੍ਰੋਗਰਾਮ ਰੱਦ ਕਰ ਦਿੱਤੇ ਹਨ।