ਪ੍ਰਤਾਪ ਸਿੰਘ, ਤਰਨਤਾਰਨ : ਜ਼ਹਿਰੀਲੀ ਸ਼ਰਾਬ ਕਾਰਨ ਹੋਈਆਂ ਮੌਤਾਂ ਸਬੰਧੀ ਮਾਮਲੇ 'ਚ ਕਾਰਵਾਈ ਕਰਦਿਆਂ ਪੁਲਿਸ ਨੇ ਕੁਝ ਹੋਰ ਸ਼ਰਾਬ ਸਮੱਗਲਰਾਂ ਨੂੰ ਗਿ੍ਫ਼ਤਾਰ ਕੀਤਾ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਬੇਗੁਨਾਹ ਲੋਕਾਂ ਦੀ ਜਾਨ ਲੈਣ ਵਾਲੀ ਸ਼ਰਾਬ ਮਿਥਾਈਲ ਅਲਕੋਹਲ ਤੋਂ ਤਿਆਰ ਕੀਤੀ ਜਾਂਦੀ ਸੀ। ਫੜੇ ਗਏ ਮੁਲਜ਼ਮਾਂ ਦੇ ਖ਼ਿਲਾਫ਼ ਹੱਤਿਆ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਫਿਰੋਜ਼ਪੁਰਿ ਰੇਂਜ ਦੇ ਡੀਆਈਜੀ ਹਰਦਿਆਲ ਸਿੰਘ ਮਾਨ ਨੇ ਦੱਸਿਆ ਕਿ ਪਿੰਡ ਮੁੱਛਲ ਤੋਂ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦਾ ਸਿਲਸਿਲਾ ਸ਼ੁਰੂ ਹੋਇਆ। ਇਸ ਨਾਲ ਤਰਨਤਾਰਨ ਵਿਚ ਵੀ 97 ਲੋਕਾਂ ਦੀ ਜਾਨ ਚਲੀ ਗਈ।

ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਜਾਣਕਾਰੀ ਦਿੱਤੇ ਬਿਨਾਂ ਮਿ੍ਤਕਾਂ ਦੇ ਸਸਕਾਰ ਕਰ ਦਿੱਤੇ ਗਏ। ਇਸ ਤਹਿਤ ਐੱਸਐੱਸਪੀ ਧਰੂਮਨ ਨਿੰਬਾਲੇ, ਐੱਸਪੀ ਜਾਂਚ ਜਗਜੀਤ ਸਿੰਘ ਵਾਲੀਆ ਦੀ ਸਪੈਸ਼ਲ ਜਾਂਚ ਟੀਮ ਗਠਿਤ ਕੀਤੀ ਗਈ।

ਡੀਆਈਜੀ ਮਾਨ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਸਮੱਗਲਰ ਮਿਥਾਈਲ ਅਲਕੋਹਲ ਤੋਂ ਸ਼ਰਾਬ ਬਣਾ ਕੇ ਵੇਚਦੇ ਸੀ, ਜਿਸ ਕਾਰਨ ਇੰਨੀਆਂ ਮੌਤਾਂ ਹੋਈਆਂ। ਪੁਲਿਸ ਨੇ ਇਕ ਹੋਰ ਸ਼ਰਾਬ ਸਮੱਗਲਰ ਗਿਰੋਹ ਨੂੰ ਵੀ ਬੇਨਕਾਬ ਕੀਤਾ ਹੈ।

ਇੰਝ ਕਰਦੇ ਸੀ ਜ਼ਹਿਰੀਲੀ ਸ਼ਰਾਬ ਸਪਲਾਈ

ਡੀਆਈਜੀ ਨੇ ਦੱਸਿਆ ਕਿ ਇਹ ਮਿਥਾਈਲ ਅਲਕੋਹਲ ਪੇਂਟ ਤੇ ਸੈਨੇਟਾਈਜ਼ਰ ਬਣਾਉਣ ਵਾਲੀਆਂ ਫੈਕਟਰੀਆਂ ਵਿਚ ਵਰਤੀ ਜਾਂਦੀ ਹੈ। ਜਦੋਂ ਇਨ੍ਹਾਂ ਫੈਕਟਰੀਆਂ ਵਿਚ ਇਸ ਦੀ ਸਪਲਾਈ ਹੁੰਦੀ ਹੈ ਤਾਂ ਸਮੱਗਲਰ ਉਨ੍ਹਾਂ ਨਾਲ ਸਬੰਧਤ ਟਰੱਕ ਚਾਲਕਾਂ ਆਦਿ ਨਾਲ ਸੰਪਰਕ ਕਰ ਕੇ ਇਸ ਅਲਕੋਹਲ ਨੂੰ ਚੋਰੀ ਕਰ ਕੇ ਇਕੱਠੀ ਕਰ ਲੈਂਦੇ। ਇਸ ਤੋਂ ਬਾਅਦ ਉਕਤ ਵਿਅਕਤੀ ਮਿਥਾਈਲ ਅਲਕੋਹਲ ਤੋਂ ਸ਼ਰਾਬ ਤਿਆਰ ਕਰ ਕੇ ਡਰੰਮਾਂ ਜਾਂ ਬੋਤਲਾਂ ਰਾਹੀਂ ਸਪਲਾਈ ਕਰਦੇ ਸੀ। ਇਹ ਵਿਅਕਤੀ ਰੀਟੇਲ ਵਿਕ੍ਰੇਤਾ ਨੂੰ ਉਸੇ ਦਿਨ ਸਾਰੀ ਸ਼ਰਾਬ ਵੇਚ ਦਿੰਦੇ ਸੀ, ਜੋ ਅੱਗੇ ਅਣਭੋਲ ਲੋਕਾਂ ਕੋਲ ਪਹੁੰਚਾਈ ਜਾਂਦੀ ਸੀ।

ਢਾਬਾ ਮਾਲਕਾਂ ਤੇ ਕਰਿੰਦਿਆਂ ਨੂੰ ਕੀਤਾ ਗਿ੍ਫ਼ਤਾਰ

ਡੀਆਈਜੀ ਮਾਨ ਨੇ ਦੱਸਿਆ ਕਿ ਢਾਬਾ ਮਾਲਕਾਂ ਤੇ ਉਨ੍ਹਾਂ ਦੇ ਕਰਿੰਦਿਆਂ ਵੱਲੋਂ ਲੋਕਾਂ ਨੂੰ ਇਹ ਸ਼ਰਾਬ ਪਰੋਸੀ ਜਾ ਰਹੀ ਸੀ। ਨਰਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਬਲਸੂਆ ਰਾਜਪੁਰਾ ਪਟਿਆਲਾ ਨੇ ਢਾਬਾ ਰਿਜ਼ੋਰਟ ਪਿੰਡ ਖਾਸਪੁਰ ਵਿਖੇ ਕਿਰਾਏ 'ਤੇ ਲਿਆ ਹੋਇਆ ਸੀ। ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਗਿ੍ਫ਼ਤਾਰ ਕੀਤਾ ਹੈ।

ਇਸੇ ਤਰ੍ਹਾਂ ਗੁਰਜੰਟ ਸਿੰਘ ਪੁੱਤਰ ਰਘਬੀਰ ਸਿੰਘ ਵਾਸੀ ਸ਼ੇਖਨ ਮਾਜਰਾ ਮੋਹਾਲੀ (ਗ੍ਰੀਨ ਵੈਸ਼ਨੋ ਢਾਬਾ ਪਿੰਡ ਕਨੌੜ ਮੋਹਾਲੀ), ਭੁਪਿੰਦਰ ਸਿੰਘ ਪੁੱਤਰ ਸਾਧੂ ਸਿੰਘ ਵਾਸੀ ਜਾਸਲੀ ਜ਼ਿਲ੍ਹਾ ਪਟਿਆਲਾ ਨੂੰ ਗਿ੍ਫ਼ਤਾਰ ਕੀਤਾ ਹੈ, ਜਦੋਂਕਿ ਇਸ ਮਾਮਲੇ ਵਿਚ ਪ੍ਰਤਾਪ ਸਿੰਘ ਵਿਰਕ ਵਾਸੀ ਅੰਬਾਲਾ ਅਤੇ ਅਨਿਲ ਸੈਣੀ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਾਫੀ ਮੁਕੱਦਮੇ ਦਰਜ ਹਨ। ਡੀਆਈਜੀ ਮਾਨ ਨੇ ਦੱਸਿਆ ਕਿ ਮੁੱਖ ਮੁਲਜ਼ਮਾਂ ਦੇ ਵਿਰੁੱਧ ਹੱਤਿਆ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਦੋਂਕਿ ਉਨ੍ਹਾਂ ਦੇ ਸਹਿਯੋਗੀਆਂ ਖ਼ਿਲਾਫ਼ ਵੱਖ-ਵੱਖ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤੇ ਹਨ।

30 ਜੁਲਾਈ ਤੋਂ 7 ਅਗਸਤ ਤਕ ਕੀਤੇ 57 ਮੁਲਜ਼ਮ ਗਿ੍ਫ਼ਤਾਰ

ਪੁਲਿਸ ਅਨੁਸਾਰ ਜ਼ਿਲ੍ਹੇ ਵਿਚ ਸ਼ਰਾਬ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ 30 ਜੁਲਾਈ ਤੋਂ 7 ਅਗਸਤ ਤਕ 85 ਕੇਸ ਦਰਜ ਕੀਤੇ ਗਏ ਹਨ, ਜਦੋਂਕਿ 57 ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ 'ਚੋਂ 2669.477 ਲੀਟਰ ਨਾਜਾਇਜ਼ ਸ਼ਰਾਬ, 11 ਹਜ਼ਾਰ 235 ਕਿੱਲੋ ਲਾਹਣ ਅਤੇ 8 ਚਾਲੂ ਭੱਠੀਆਂ ਬਰਾਮਦ ਕੀਤੀਆਂ ਗਈਆਂ ਹਨ।