ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ 'ਤੇ ਗੁੱਝੇ ਹਮਲੇ ਕੀਤੇ ਹਨ। ਕਾਂਗਰਸ ਸਰਕਾਰ ਵਿਰੁੱਧ ਰਾਜਾਸਾਂਸੀ ਵਿਖੇ ਰੱਖੀ ਰੋਸ ਰੈਲੀ ਵਿਚ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਅੱਜ ਦੇਸ਼ ਦੇ ਹਾਲਾਤ ਬਹੁਤ ਖ਼ਰਾਬ ਹਨ। ਦੇਸ਼ ਵਿਚ ਨਫ਼ਰਤ ਦੇ ਬੀਜ ਨਹੀਂ ਬੀਜਣੇ ਚਾਹੀਦੇ। ਉਨ੍ਹਾਂ ਉਦਾਹਰ ਦਿੰਦੇ ਹੋਏ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਸੀ, ਉਸ ਤੋਂ ਸਬਕ ਸਿੱਖੋ, ਉਸ ਸਮੇਂ ਕੋਈ ਵੋਟਾਂ ਦਾ ਰਾਜ ਨਹੀਂ ਸੀ। ਉਸ ਸਮੇਂ ਪੰਜ ਸਭ ਤੋਂ ਵੱਡੇ ਵਜ਼ੀਰਾਂ ਵਿਚੋਂ ਇਕ ਮੁਸਲਮਾਨ, ਤਿੰਨ ਹਿੰਦੂ ਅਤੇ ਇਕ ਸਿੱਖ ਵਜ਼ੀਰ ਸ਼ਾਮਲ ਕੀਤੇ ਗਏ ਸਨ। ਇਸ ਨੂੰ ਧਰਮ ਨਿਰਪੱਖਤਾ ਕਹਿੰਦੇ ਹਨ। ਸੰਵਿਧਾਨ ਵਿਚ ਵੀ ਲਿਖਿਆ ਹੈ ਕਿ ਸਾਡੇ ਹਿੰਦੁਸਤਾਨ ਵਿਚ ਧਰਮ ਨਿਰਪੱਖ ਰਾਜ ਹੋਵੇਗਾ। ਉਨ੍ਹਾਂ ਕਿਹਾ ਕਿ ਬੜੇ ਅਫ਼ਸੋਸ ਦੀ ਗੱਲ ਹੈ ਕਿ ਸਾਡੇ ਦੇਸ਼ ਦੇ ਹਾਲਾਤ ਏਨੇ ਚੰਗੇ ਨਹੀਂ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਾਮਯਾਬ ਹੋਣਾ ਹੈ ਤਾਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਪਵੇਗਾ, ਘੱਟ ਗਿਣਤੀਆਂ ਨੂੰ ਨਾਲ ਲੈਣਾ ਪਵੇਗਾ, ਆਪਣੇ ਸਾਥੀਆਂ ਨਾਲ ਰਲ਼ ਕੇ ਚੱਲਣਾ ਪਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨੀਂਹ-ਪੱਥਰ ਮੁਸਲਮਾਨ ਤੋਂ ਰਖਵਾ ਕੇ ਭਾਈਚਾਰਕ ਸਾਂਝ ਦਾ ਪ੍ਰਤੱਖ ਪ੍ਰਮਾਣ ਦਿੱਤਾ ਹੈ। ਧਰਮ ਨਿਰਪੱਖਤਾ ਦੀ ਗੱਲ ਕਰਦਿਆਂ ਗੁਰੂ ਸਾਹਿਬ ਨੇ ਸੋਸ਼ਲਿਜ਼ਮ ਦੀ ਗੱਲ ਕੀਤੀ ਤੇ ਸੰਗਤ ਤੇ ਪੰਗਤ ਨੂੰ ਬਰਾਬਰ ਦਾ ਦਰਜਾ ਦਿੱਤਾ। ਇਹ ਗੱਲਾਂ ਅੱਜ ਦੇ ਹੁਕਮਰਾਨ ਭੁੱਲਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਰਦਾਸ ਵਿਚ ਵੀ ਅਸੀਂ ਸਿਰਫ਼ ਸਿੱਖਾਂ ਦਾ ਭਲਾ ਨਹੀਂ ਬਲਕਿ ਸਮੁੱਚੀ ਦੁਨੀਆ ਦਾ ਭਲਾ ਮੰਗਦੇ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵਿਚੋਂ ਬਾਗੀ ਹੋਏ ਆਗੂਆਂ ਨੇ ਸਮੇਂ ਰਹਿੰਦਿਆਂ ਸਿਰ ਤੇ ਤਾਜ ਰਖਵਾਏ ਸਨ। ਉਨ੍ਹਾਂ ਕਿਹਾ ਕਿ ਜੇਕਰ ਹੁਣ ਦਿੱਲੀ ਵਿਚ ਭਾਜਪਾ ਦੀ ਹਾਰ ਹੋਈ ਹੈ ਤਾਂ ਉਸ ਲਈ ਇਕੱਲਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਬਾਦਲ ਨੇ ਕਿਹਾ ਕਿ ਪਾਰਟੀ ਤੋਂ ਬਾਗ਼ੀ ਹੋਏ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਆਦਿ ਨੂੰ ਪਾਰਟੀ ਵਿਚ ਹਮੇਸ਼ਾ ਹੀ ਮਾਣ ਦਿੱਤਾ ਗਿਆ ਹੈ ਪਰ ਇਨ੍ਹਾਂ ਨੇ ਪਾਰਟੀ ਤੋਂ ਬਾਗ਼ੀ ਹੋ ਕੇ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਿਆ ਹੈ।

ਇਕੱਠ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਲੋਕ ਕੈਪਟਨ ਅਮਰਿੰਦਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੋੜਨ ਵਿਚ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ, ਨੌਜਵਾਨਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਕਰਨਾ ਤਾਂ ਭੁੱਲ ਹੀ ਜਾਓ, ਕਾਂਗਰਸ ਸਰਕਾਰ ਬਹਿਬਲ ਕਲਾਂ ਪੁਲਿਸ ਗੋਲ਼ੀਬਾਰੀ ਦੇ ਮੁੱਖ ਗਵਾਹ ਦੀ ਰਾਖੀ ਕਰਨ ਵਿਚ ਵੀ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂਆਂ ਗੁਰਪ੍ਰੀਤ ਸਿੰਘ ਕਾਂਗੜ ਅਤੇ ਕੁਸ਼ਲਦੀਪ ਸਿੰਘ ਿਢੱਲੋਂ ਨੇ ਗਵਾਹ ਉੱਤੇ ਦੋਸ਼ੀਆਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਗਵਾਹੀ ਨਾ ਦੇਣ ਲਈ ਭਾਰੀ ਦਬਾਅ ਪਾ ਕੇ ਉਸ ਨੂੰ ਮੌਤ ਦੇ ਮੂੰਹ ਵੱਲ ਧੱਕ ਦਿੱਤਾ।

ਮਾੜੇ ਪ੍ਰਬੰਧਾਂ ਕਾਰਨ ਪੰਜਾਬ 'ਚ ਬਿਜਲੀ ਮਹਿੰਗੀ

ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮਾੜੇ ਪ੍ਰਬੰਧਾਂ ਕਾਰਨ ਅੱਜ ਸੂਬੇ ਵਿਚ ਬਿਜਲੀ ਬਹੁਤ ਮਹਿੰਗੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਸਾਨਾਂ, ਨੌਜਵਾਨਾਂ ਤੇ ਗ਼ਰੀਬਾਂ ਨਾਲ ਕੀਤੇ ਚੋਣ ਵਾਅਦੇ ਪੂਰੇ ਨਹੀਂ ਕੀਤੇ।

ਬੇਗਾਨਿਆਂ ਹੱਥੋਂ ਤਾਜ ਸਜਾਉਣਾ ਚਾਹੁੰਦੇ ਨੇ ਟਕਸਾਲੀ

ਟਕਸਾਲੀਆਂ 'ਤੇ ਹਮਲਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਟਕਸਾਲੀਆਂ ਨੂੰ ਅਕਾਲੀ ਦਲ ਨੇ ਕੀ ਕੁਝ ਨਹੀਂ ਦਿੱਤਾ ਪਰ ਅੱਜ ਉਹ ਵੱਖਰੇ ਰਾਹ 'ਤੇ ਤੁਰ ਪਏ ਹਨ। ਉਨ੍ਹਾਂ ਕਿਹਾ ਕਿ ਉਹ ਬੇਗਾਨਿਆਂ ਦੇ ਹੱਥਾਂ ਵਿਚ ਖੇਡ ਕੇ ਆਪਣੇ ਸਿਰ 'ਤੇ ਤਾਜ ਸਜਾਉਣਾ ਚਾਹੁੰਦੇ ਹਨ ਜਿਹੜੀ ਮਾੜੀ ਗੱਲ ਹੈ।