ਅੰਮਿ੍ਤਸਰ : ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਮੈਨੇਜਮੈਂਟ ਦੇ ਪ੍ਰਸਾਸ਼ਨਿਕ ਅਧਿਕਾਰੀ ਡੀਪੀ ਸਿੰਘ ਚਾਵਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਏਅਰ ਇੰਡੀਆ ਵੱਲੋਂ ਦਿੱਲੀ-ਹਜ਼ੂਰ ਸਾਹਿਬ ਨਾਂਦੇੜ ਲਈ ਮਿਤੀ 18 ਨਵੰਬਰ ਤੋਂ ਹਫ਼ਤੇ 'ਚ ਦੋ ਦਿਨ ਸੋਮਵਾਰ ਅਤੇ ਵੀਰਵਾਰ ਨੂੰ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਯਾਤਰੀਆਂ ਵੱਲੋਂ ਕੀਤੀ ਜਾ ਰਹੀ ਮੰਗ ਮੁਤਾਬਕ ਗੁਰਦੁਆਰਾ ਬੋਰਡ ਮੈਨੇਜਮੈਂਟ ਵੱਲੋਂ ਏਅਰ ਇੰਡੀਆ ਨੂੰ ਇਸ ਰੂਟ 'ਤੇ ਫਲਾਈਟਾਂ ਵਧਾਉਣ ਬਾਰੇ ਬੇਨਤੀ ਕੀਤੀ ਸੀ। ਜਿਸ ਨੂੰ ਏਅਰ ਇੰਡੀਆ ਵੱਲੋਂ ਮੰਨਦੇ ਹੋਏ ਅੱਠ ਜੂਨ ਤੋਂ ਦਿੱਲੀ-ਹਜ਼ੂਰ ਸਾਹਿਬ ਨਾਂਦੇੜ ਲਈ ਹਰ ਸ਼ਨਿਚਰਵਾਰ ਨੂੰ ਤੀਜੀ ਨਵੀਂ ਉਡਾਣ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਹੁਣ ਦਿੱਲੀ-ਹਜ਼ੂਰ ਸਾਹਿਬ ਨਾਂਦੇੜ ਲਈ ਹਫ਼ਤੇ 'ਚ ਤਿੰਨ ਦਿਨ ਸੋਮਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਉਡਾਣਾਂ ਮਿਲਣਗੀਆਂ।

ਇਨ੍ਹਾਂ ਤਿੰਨਾਂ ਉਡਾਣਾਂ ਦਾ ਸਮਾਂ ਦਿੱਲੀ ਤੋਂ ਦੁਪਹਿਰ 3:20 ਵਜੇ ਚੱਲ ਕੇ ਹਜ਼ੂਰ ਸਾਹਿਬ ਨਾਂਦੇੜ 05: 05 ਵਜੇ ਅਤੇ ਹਜ਼ੂਰ ਸਾਹਿਬ ਨਾਂਦੇੜ ਤੋਂ ਸ਼ਾਮ 05:45 ਵਜੇ ਚੱਲ ਕੇ ਦਿੱਲੀ ਸ਼ਾਮ 07:30 ਵਜੇ ਪਹੁੰਚਣ ਦਾ ਹੈ। ਏਅਰ ਇੰਡੀਆ ਵੱਲੋਂ ਅੰਮਿ੍ਤਸਰ ਲਈ ਹਰ ਸ਼ਨਿਚਰਵਾਰ ਤੇ ਐਤਵਾਰ ਅਤੇ ਚੰਡੀਗੜ੍ਹ ਲਈ ਹਰ ਮੰਗਲਵਾਰ ਤੇ ਬੁੱਧਵਾਰ ਲਈ ਉਡਾਣਾਂ ਚਲਾਈਆਂ ਜਾ ਰਹੀਆਂ ਹਨ। ਹਜ਼ੂਰ ਸਾਹਿਬ ਲਈ ਹੈਦਰਾਬਾਦ ਤੇ ਮੁੰਬਈ ਤੋਂ ਟਰੂ-ਜੈੱਟ ਦੀਆਂ ਫਲਾਈਟਾਂ ਵੱਲੋਂ ਰੋਜ਼ਾਨਾ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।