ਹਰਵਿੰਦਰ ਸਿੰਘ ਸਿੱਧੂ, ਰਮਦਾਸ : ਟਰੇਡ ਜੱਥਬੰਦੀਆਂ ਦੇ ਸੱਦੇ 'ਤੇ ਟੈਕਨੀਕਲ ਸਰਵਿਸ ਯੂਨੀਅਨ ਨੇ ਕਿਸਾਨ ਤੇ ਹੋਰ ਜਥੇਬੰਦੀਆਂ ਦੇ ਸਹਿਯੋਗ ਨਾਲ ਪੰਜਾਬ ਸਟੇਟ ਕਾਰਪੋਰੇਸ਼ਨ ਲਿਮ. ਰਮਦਾਸ ਦੇ ਦਫ਼ਤਰ ਸਾਹਮਣੇ ਰੋਸ ਮੁਜ਼ਾਹਰਾ ਕੀਤਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਤੇ ਵੱਖ-ਵੱਖ ਸੂਬਾ ਸਰਕਾਰਾਂ ਵੱਲੋਂ ਕੋਰੋਨਾ ਸੰਕਟ ਦਾ ਬਹਾਨਾ ਬਣਾ ਕੇ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਦੀ ਥਾਂ 'ਤੇ 12 ਘੰਟੇ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਭਾਜਪਾ ਦੀ ਉਤਰ ਪ੍ਰਦੇਸ਼ ਸਰਕਾਰ ਨੇ ਤਾਂ ਸਾਰੇ ਕਿਰਤ ਕਾਨੂੰਨ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਪਹਿਲਾਂ ਐਕਟ 2003 ਤਹਿਤ ਸਮੁੱਚੇ ਦੇਸ਼ ਦੇ ਬਿਜਲੀ ਬੋਰਡ ਤੋੜ ਦਿੱਤੇ ਹਨ ਤੇ ਹੁਣ ਬਿਜਲੀ ਸੋਧ ਬਿੱਲ 2020 ਪਾਸ ਕਰਨ ਜਾ ਰਹੀ ਹੈ। ਜੇ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣ ਜਾਂਦਾ ਹੈ ਤਾਂ ਵੰਡ ਖੇਤਰ ਦਾ ਮੁਕੰਮਲ ਨਿੱਜੀਕਰਨ ਹੋ ਜਾਵੇਗਾ। ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ। ਲੋਕਾਂ ਨੂੰ ਦਿੱਤੀਆਂ ਨਿਗੁਣੀਆਂ ਸਹੂਲਤਾਂ ਵੀ ਖ਼ਤਮ ਹੋ ਜਾਣਗੀਆਂ ਤੇ ਪੱਕੇ ਰੁਜ਼ਗਾਰ ਦਾ ਭੋਗ ਪੈ ਜਾਵੇਗਾ। ਇਸ ਮੌਕੇ ਅਸ਼ਵਨੀ ਕੁਮਾਰ ਸ਼ਰਮਾ, ਜਸਬੀਰ ਸਿੰਘ ਧੰਗਾਈ, ਜਤਿੰਦਰਬੀਰ ਸਿੰਘ ਭਿੰਡਰ, ਸੁਖਦੇਵ ਸਿੰਘ ਰੰਧਾਵਾ, ਬਲਦੇਵ ਸਿੰਘ, ਕਸ਼ਮੀਰ ਸਿੰਘ ਧੰਗਾਈ, ਪ੍ਰਗਟ ਸਿੰਘ ਚਾਹੜਪੁਰ, ਹਰਜੀਤ ਸਿੰਘ ਮਲਕਪੁਰ, ਸਤਿੰਦਰ ਸਿੰਘ ਰੂੜੇਵਾਲ, ਪਿ੍ਰਥੀਪਾਲ ਸਿੰਘ, ਜੇਈ, ਗੁਰਸ਼ਰਨਜੀਤ ਸਿੰਘ, ਧੀਰਾ ਮੱਲ, ਅਮਰਪਾਲ ਸਿੰਘ, ਬਲਜੀਤ ਸਿੰਘ ਗੱਗੋਮਾਹਲ ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਰੋਸ ਵਜੋਂ ਯੂਨੀਅਨ ਦੇ ਕਾਰਕੁੰਨਾਂ ਨੇ ਕਾਲੇ ਬਿੱਲੇ ਲਗਾਏ ਹੋਏ ਸਨ ਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ ਗਈ।