ਮਨੋਜ ਕੁਮਾਰ, ਛੇਹਰਟਾ : ਖ਼ਾਲਸਾ ਕਾਲਜ ਫਾਰ ਵੂਮੈਨ ਸਾਹਮਣੇ ਕਾਰ ਤੇ ਮੈਟਰੋ ਬੱਸ ਵਿਚਕਾਰ ਟੱਕਰ ਹੋ ਜਾਣ 'ਤੇ ਦੋਹਾਂ ਧਿਰਾਂ 'ਚ ਗਰਮਾ-ਗਰਮੀ ਹੋ ਗਈ। ਇਸ 'ਤੇ ਮੈਟਰੋ ਬੱਸ ਦੇ ਮੁਲਾਜ਼ਮਾਂ ਨੇ ਅੱਧਾ ਘੰਟਾ ਬੱਸ ਸੇਵਾ ਜਾਮ ਰੱਖੀ। ਬਾਅਦ ਦੁਪਹਿਰ 2 ਵਜੇ ਦੇ ਕਰੀਬ ਦਿਲਸ਼ੇਰ ਸਿੰਘ ਵਾਸੀ ਘਣੂੰਪੁਰ ਜਦੋਂ ਖ਼ਾਲਸਾ ਕਾਲਜ ਫਾਰ ਵੂਮੈਨ ਦੇ ਸਾਹਮਣੇ ਸਥਿਤ ਚੌਕ 'ਚੋਂ ਆਪਣੀ ਕਾਰ ਪਾਰ ਕਰ ਰਿਹਾ ਸੀ ਤਾਂ ਅਚਾਨਕ ਇਕ ਐਕਟਿਵਾ ਅੱਗੇ ਆ ਜਾਣ ਕਰ ਕੇ ਕਾਰ ਦੀ ਮੈਟਰੋ ਬੱਸ ਨਾਲ ਟੱਕਰ ਹੋ ਗਈ। ਹਾਦਸੇ 'ਚ ਕਾਰ ਦਾ ਬੰਪਰ ਟੁੱਟ ਗਿਆ। ਇਸ ਦੌਰਾਨ ਐਕਟਿਵਾ ਸਵਾਰ ਤਾਂ ਮੌਕੇ ਤੋਂ ਨਿਕਲ ਗਿਆ ਪਰ ਦੋਵਾਂ ਧਿਰਾਂ 'ਚ ਗਰਮਾ-ਗਰਮਾ ਹੋ ਗਈ। ਦੋਵੋਂ ਧਿਰਾਂ ਇਕ-ਦੂਜੇ ਨੂੰ ਇਸ ਟੱਕਰ ਲਈ ਦੋਸ਼ੀ ਠਹਿਰਾਉਣ ਲੱਗ ਪਈਆਂ। ਇਸ 'ਤੇ ਬੀਆਰਟੀਸੀ ਦੇ ਮੁਲਾਜ਼ਮਾਂ ਨੇ ਆਪਣੀ ਸਾਥੀ ਡਰਾਈਵਰ ਅਮਰਿੰਦਰ ਸਿੰਘ ਦੀ ਹਮਾਇਤ 'ਚ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ। ਚੌਕ 'ਚ ਡਿਊਟੀ ਦੇ ਰਹੇ ਟਰੈਫਿਕ ਵਿਭਾਗ ਦੇ ਏਐੱਸਆਈ ਅਰਜਨ ਸਿੰਘ ਤੇ ਉਨ੍ਹਾਂ ਦੇ ਸਾਥੀ ਮੁਲਾਜ਼ਮਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾਉਣ ਦਾ ਯਤਨ ਕਰਦੇ ਹੋਏ ਕਰੀਬ ਅੱਧੇ ਘੰਟੇ ਬਾਅਦ ਮੁੜ ਮੈਟਰੋ ਬੱਸ ਸੇਵਾ ਸ਼ੁਰੂ ਕਰਵਾਈ। ਬੀਆਰਟੀਸੀ ਦੇ ਇੰਸਪੈਕਟਰ ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਲਾਜ਼ਮਾਂ ਤੇ ਦੂਜੀ ਧਿਰ ਵੱਲੋਂ ਇਸ ਸਬੰਧ 'ਚ ਚੌਕੀ ਕਬੀਰ ਪਾਰਕ 'ਚ ਦਰਖ਼ਾਸਤਾਂ ਦੇ ਦਿੱਤੀਆਂ ਗਈਆਂ ਹਨ।