ਜੇਐੱਨਐੱਨ, ਅੰਮਿ੍ਤਸਰ : ਪ੍ਰੇਮ ਪ੍ਰਸੰਗਾਂ ਕਾਰਨ ਕੁਝ ਦਿਨ ਪਹਿਲਾਂ ਔਰਤ ਨੂੰ ਅਗ਼ਵਾ ਕਰ ਕੇ ਮੰਗਲਵਾਰ ਦੀ ਦੇਰ ਰਾਤ ਉਸ ਦੀ ਹੱਤਿਆ ਕਰ ਕੇ ਲਾਸ਼ ਅਜਨਾਲਾ ਥਾਣੇ ਅਧੀਨ ਪੈਂਦੇ ਚੱਕ ਡੋਗਰਾ ਹਾਸ਼ਮਪੁਰਾ ਪਿੰਡ ਦੇ ਰਸਤੇ ਵਿਚ ਸੁੱਟ ਦਿੱਤੀ ਗਈ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ ਹੈ। ਫਿਲਹਾਲ ਮੁਢਲੀ ਜਾਂਚ ਤੋਂ ਬਾਅਦ ਅਜਨਾਲਾ ਥਾਣੇ ਦੀ ਪੁਲਿਸ ਨੇ ਸੈਦਪੁਰ ਪਿੰਡ ਦੇ ਵਸਨੀਕ ਪ੍ਰੀਤਮ ਸਿੰਘ ਦੇ ਬਿਆਨ ਉੱਤੇ ਉਨ੍ਹਾਂ ਦੀ ਧੀ ਰਾਣੀ ਦੀ ਹੱਤਿਆ ਦੇ ਦੋਸ਼ ਵਿਚ ਚੱਕ ਡੋਗਰਾਂ ਪਿੰਡ ਨਿਵਾਸੀ ਭਿੰਦਾ ਸਿੰਘ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।

ਅਜਨਾਲਾ ਥਾਣਾ ਇੰਚਾਰਜ ਅਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ। ਪ੍ਰੀਤਮ ਸਿੰਘ ਨੇ ਅਜਨਾਲਾ ਥਾਣੇ ਦੀ ਪੁਲਿਸ ਨੂੰ ਦੱਸਿਆ ਕਿ ਉਹ ਮਜ਼ਦੂਰ ਹੈ। ਉਸ ਨੇ ਵੱਡੀ ਧੀ ਰਾਣੀ ਦਾ ਵਿਆਹ ਕੁਝ ਸਾਲ ਪਹਿਲਾਂ ਬਲੜਵਾਲ ਪਿੰਡ ਦੇ ਮੰਗਲ ਸਿੰਘ ਨਾਲ ਕਰ ਦਿੱਤਾ ਸੀ। ਵਿਆਹ ਤੋਂ ਬਾਅਦ ਚੱਕ ਡੋਗਰਾਂ ਪਿੰਡ ਦਾ ਰਹਿਣ ਵਾਲਾ ਭਿੰਦਾ ਸਿੰਘ ਉਨ੍ਹਾਂ ਦੀ ਧੀ 'ਤੇ ਨਜ਼ਰ ਰੱਖਣ ਲੱਗ ਪਿਆ ਸੀ। ਮੁਲਜ਼ਮ ਨੇ ਰਾਣੀ ਨੂੰ ਆਪਣੀਆਂ ਗੱਲਾਂ ਵਿਚ ਫਸਾ ਲਿਆ। ਲਗਪਗ ਡੇਢ ਮਹੀਨਾ ਪਹਿਲਾਂ ਭਿੰਦਾ ਸਿੰਘ ਨੇ ਉਨ੍ਹਾਂ ਦੀ ਧੀ ਨੂੰ ਅਗਵਾ ਕਰ ਲਿਆ ਸੀ।

ਫੇਰ ਮੰਗਲਵਾਰ ਦੀ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਦੀ ਰਾਣੀ ਦੀ ਲਾਸ਼ ਚਕ ਡੋਗਰਾਂ-ਹਾਸ਼ਮਪੁਰਾ ਰਸਤੇ ਉੱਤੇ ਪਈ ਹੋਈ ਹੈ। ਉਨ੍ਹਾਂ ਨੇ ਪੁਲਿਸ ਦੇ ਨਾਲ ਜਾ ਕੇ ਧੀ ਦੀ ਲਾਸ਼ ਦੀ ਸ਼ਨਾਖਤ ਕੀਤੀ। ਉਨ੍ਹਾਂ ਦੱਸਿਆ ਕਿ ਰਾਣੀ ਦੀ ਦੇਹ ਉੱਤੇ ਸੱਟਾਂ ਦੇ ਨਿਸ਼ਾਨ ਸਨ।