ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਅਰੰਭ ਹੋਏ ਆਲਮੀ ਨਗਰ ਕੀਰਤਨ ਦਾ ਤਖ਼ਤ ਹਰਿਮੰਦਰ ਪਟਨਾ ਸਾਹਿਬ, ਬਿਹਾਰ ਵਿਖੇ ਪੁੱਜਣ 'ਤੇ ਸੰਗਤਾਂ ਨੇ ਸਵਾਗਤ ਕੀਤਾ।

ਬੀਤੀ ਰਾਤ ਨਗਰ ਕੀਰਤਨ ਦੇ ਇਥੇ ਪੁੱਜਣ ਸਮੇਂ ਸਵਾਗਤ ਕਰਨ ਵਾਲਿਆਂ ਵਿਚ ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ, ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਰਜਿੰਦਰ ਸਿੰਘ, ਤਖ਼ਤ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਤੇ ਮੈਂਬਰ ਮੌਜੂਦ ਸਨ।

ਦੱਸਣਯੋਗ ਹੈ ਕਿ ਆਲਮੀ ਨਗਰ ਰਤਨ ਪੰਜਾਂ ਤਖਤਾਂ ਦੀ ਯਾਤਰਾ ਕਰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਸੰਪੂਰਨ ਹੋਣਾ ਹੈ। ਪਹਿਲਾਂ ਇਹ ਨਗਰ ਕੀਰਤਨ ਦੋ ਤਖ਼ਤਾਂ, ਅਕਾਲ ਤਖ਼ਤ ਤੇ ਤਖ਼ਤ ਕੇਸਗੜ੍ਹ ਸਾਹਿਬ ਦੀ ਯਾਤਰਾ ਕਰਦਾ ਹੋਇਆ ਤਖਤ ਪਟਨਾ ਸਾਹਿਬ ਪੁੱਜਾ। ਇਸੇ ਦੌਰਾਨ ਰਾਤ ਦੇ ਆਰਾਮ ਮਗਰੋਂ ਨਗਰ ਕੀਰਤਨ ਤਖ਼ਤ ਹਰਿਮੰਦਰ ਤੋਂ ਅਗਲੇ ਪੜਾਅ ਹਜ਼ਾਰੀ ਬਾਗ ਲਈ ਰਵਾਨਾ ਹੋਇਆ। ਪਟਨਾ ਸਾਹਿਬ ਤੋਂ ਨਗਰ ਕੀਰਤਨ ਦੀ ਰਵਾਨਗੀ ਸਮੇਂ ਬਿਹਾਰ ਸਰਕਾਰ ਤਰਫੋਂ ਉਦਯੋਗ ਮੰਤਰੀ ਸ਼ਿਆਮ ਰਜਕ ਪੱਜੇ।

ਪਟਨਾ ਸਾਹਿਬ ਵਿਖੇ ਕਾਰ ਸੇਵਾ ਭੂਰੀਵਾਲਿਆਂ ਵੱਲੋਂ ਵੀ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਸੰਗਤ ਲਈ ਕੀਤੇ ਗਏ ਲੰਗਰ ਆਦਿ ਦੇ ਇੰਤਜ਼ਾਮਾਂ ਲਈ ਤਾਰੀਫ਼ ਕੀਤੀ ਗਈ। ਨਗਰ ਕੀਰਤਨ ਦੀ ਰਵਾਨਗੀ ਵੇਲੇ ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਮੈਂਬਰ ਭੁਪਿੰਦਰ ਸਿੰਘ ਭਲਵਾਨ, ਗੁਰਪ੍ਰੀਤ ਸਿੰਘ ਚੰਡਾਲ, ਤਖ਼ਤ ਹਰਿਮੰਦਰ ਜੀ ਪਟਨਾ ਸਾਹਿਬ ਦੇ ਮੈਂਬਰ ਕਮਿੰਕਰ ਸਿੰਘ, ਭੁਪਿੰਦਰ ਸਿੰਘ ਚੀਫ਼ ਐਡਮਨਿਸਟਰੇਟਰ, ਪਟਨਾ ਸਾਹਿਬ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸੂਰਜ ਸਿੰਘ ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੋਂ ਬੀਬੀ ਰਣਜੀਤ ਕੌਰ ਖ਼ਾਸ ਤੌਰ 'ਤੇ ਹਾਜ਼ਰ ਸਨ। ਨਗਰ ਕੀਰਤਨ 26 ਅਗਸਤ ਨੂੰ ਹਜ਼ਾਰੀ ਬਾਗ ਤੋਂ ਧੰਨਬਾਦ ਲਈ ਰਵਾਨਾ ਹੋਵੇਗਾ।