ਜੇਐੱਨਐੱਨ, ਅੰਮ੍ਰਿਤਸਰ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਸਿੱਖ ਸ਼ਰਧਾਲੂਆਂ ਦਾ ਜੱਥਾ ਨਨਕਾਣਾ ਸਾਹਿਬ ਪਾਕਿਸਤਾਨ (Nankana Sahib Pakistan) ਲਈ ਰਵਾਨਾ ਹੋਇਆ। ਐੱਸਜੀਪੀਸੀ ਦੇ ਦਫ਼ਤਰ 'ਚ ਇਸ ਜਥੇ ਨੂੰ ਰਵਾਨਾ ਕਰਨ ਮੌਕੇ ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ (Bhai Gobind Singh Longowal) ਨੇ ਜਥੇ ਦੀ ਅਗਵਾਈ ਕਰ ਰਹੇ ਅਮਰਜੀਤ ਸਿੰਘ ਭਲਾਈਪੁਰ, ਗੁਰਮੀਤ ਸਿੰਘ ਬੂਹ ਤੇ ਹਰਪਾਲ ਸਿੰਘ ਜੱਲ ਤੇ ਬਲਵਿੰਦਰ ਸਿੰਘ ਵੇਂਈਪੁਈ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

ਜੱਥੇ ਵਿਚ 325 ਸ਼ਰਧਾਲੂ ਸ਼ਾਮਲ ਹਨ। ਇਹ ਜੱਥਾ ਪੰਜ ਦਿਨਾਂ ਲਈ ਪਾਕਿਸਤਾਨ ਗਿਆ ਹੈ। ਇਕ ਦਸੰਬਰ ਨੂੰ ਇਹ ਜੱਥਾ ਗੁਰੂਧਾਮਾਂ ਦੇ ਦਰਸ਼ਨ ਕਰਨ ਤੋਂ ਬਾਅਦ ਭਾਰਤ ਵਾਪਸ ਪਰਤ ਆਵੇਗਾ। ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨੀ ਦੂਤਘਰ ਨੇ ਸ਼ਰਧਾਲੂਆਂ ਦੇ ਵੀਜ਼ੇ ਵੱਡੀ ਗਿਣਤੀ ਵਿਚ ਇਸ ਵਾਰ ਰੱਦ ਕਰ ਦਿੱਤੇ ਹਨ ਜਿਹੜੇ ਕਿ ਨਿੰਦਾਯੋਗ ਹਨ। ਉਨ੍ਹਾੰ ਸੰਗਤ ਨੂੰ ਵੀ ਅਪੀਲ ਕੀਤੀ ਹੈ ਕਿ ਸਿਹਤ ਵਿਭਾਗ ਦੇ ਨਿਯਮਾਂ ਨੂੰ ਹਰ ਹਾਲ 'ਚ ਪਾਲਣ ਕਰ ਕੇ ਕੋਰੋਨਾ ਤੋਂ ਬਚਾਅ ਕੀਤਾ ਜਾਵੇ। ਉੱਥੇ ਹੀ ਭਾਰਤ ਸਰਕਾਰ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਨੂੰ ਵੀ ਖੋਲ੍ਹਣਾ ਚਾਹੀਦਾ ਹੈ।

ਪਾਕਿਸਤਾਨ ਸਰਕਾਰ ਨੇ ਬਹੁਤ ਘੱਟ ਦਿਨਾਂ ਦਾ ਵੀਜ਼ਾ ਦਿੱਤਾ : ਲੌਂਗੋਵਾਲ

ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਪਾਕਿ ਸਰਕਾਰ ਵੱਲੋਂ ਇਸ ਵਾਰ ਬਹੁਤ ਹੀ ਘੱਟ ਦਿਨਾਂ ਲਈ ਸ਼ਰਧਾਲੂਆਂ ਨੇ ਵੀਜ਼ਾ ਦਿੱਤਾ ਹੈ। ਪੰਜ ਦੀ ਬਜਾਏ ਘੱਟੋ-ਘੱਟ 15 ਦਿਨਾਂ ਲਈ ਵੀਜ਼ਾ ਦਿੱਤਾ ਜਾਣਾ ਚਾਹੀਦਾ ਸੀ। ਸ਼ਰਧਾਲੂ ਸ੍ਰੀ ਗੁਰੂ ਨਨਕਾਣਾ ਸਾਹਿਬ ਗੁਰਦੁਆਰਾ ਦੇ ਦਰਸ਼ਨਾਂ ਦੇ ਨਾਲ-ਨਾਲ ਹੋਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੀ ਕਰਨਾ ਚਾਹੁੰਦੇ ਹਨ। ਸਮਾਂ ਘੱਟ ਹੋਣ ਕਾਰਨ ਉਹ ਹੋਰ ਗੁਰਦੁਆਰਿਆਂ ਦੇ ਦਰਸ਼ਨ ਨਹੀਂ ਕਰ ਸਕਣਗੇ। ਸ਼ਰਧਾਲੂ ਸਿਰਫ਼ ਨਨਕਾਣਾ ਸਾਹਿਬ 'ਚ ਹੀ ਰਹਿਣਗੇ। ਉਨ੍ਹਾਂ ਪਾਕਿਸਤਾਨ ਸਥਿਤ ਹੋਰਨਾਂ ਗੁਰਦੁਆਰਿਆਂ 'ਚ ਮੱਥਾ ਟੇਕਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।

Posted By: Seema Anand