ਜਸਪਾਲ ਸਿੰਘ ਗਿੱਲ, ਮਜੀਠਾ : ਮਜੀਠਾ ਪੁਲਿਸ ਵੱਲੋ ਅੱਜ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮਜੀਠਾ ਬਲਾਕ ਇੰਚਾਰਜ ਪ੍ਰਿਤਪਾਲ ਸਿੰਘ ਬੱਲ ਅਤੇ ਉਸ ਦੇ ਨਜ਼ਦੀਕੀ ਸਾਥੀ ਰਾਜਬੀਰ ਸਿੰਘ ਨੂੰ ਛੇੜਛਾੜ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਪੀੜਤਾ ਨੇ ਥਾਣਾ ਮਜੀਠਾ ਵਿਖੇ ਦਿੱਤੇ ਲਿਖਤੀ ਬਿਆਨਾਂ ਵਿੱਚ ਕਿਹਾ ਹੈ ਕਿ ਉਸ ਦੀ ਉਮਰ 15 ਸਾਲ ਹੈ ਅਤੇ ਅੱਠਵੀ ਪਾਸ ਹੈ। ਉਹ ਦੋ ਭੈਣ ਭਰਾ ਹਨ। ਉਸ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਜਿਹੜਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਰਨ ਤਾਰਨ ਵਿਖੇ ਅਧਿਆਪਕ ਹੈ, ਨਾਲ ਸਬੰਧ ਬਣ ਗਏ ਜਿਸ ਬਾਰੇ ਉਸ ਦੇ ਪਿਤਾ ਨੂੰ ਪਤਾ ਲੱਗਣ ਤੇ ਉਸ ਦੇ ਪਿਤਾ ਅਤੇ ਮਾਤਾ ਦਰਮਿਆਨ ਝਗੜਾ ਰਹਿਣ ਲੱਗਾ ਜਿਸ 'ਤੇ ਉਸ ਦੀ ਮਾਤਾ ਉਸ ਨੂੰ ਨਾਲ ਲੈਕੇ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਦੇ ਘਰ ਮਜੀਠਾ ਵਿਖੇ ਆ ਗਏ ਜਿਥੇ ਉਸ ਦੀ ਮਾਤਾ ਅਤੇ ਧਰਮਿੰਦਰ ਸਿੰਘ ਇਕੱਠੇ ਰਹਿਣ ਲੱਗ ਪਏ। ਇਸ ਤੋਂ ਬਾਅਦ ਧਰਮਿੰਦਰਪਾਲ ਸਿੰਘ ਉਸ 'ਤੇ ਮਾੜੀ ਨਜ਼ਰ ਰੱਖਣ ਲੱਗ ਪਿਆ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਲੱਗ ਪਿਆ ਜਦ ਕਿ ਉਸ ਦੀ ਮਾਤਾ ਵੀ ਉਸ ਨੂੰ ਡਰਾਉਣ ਧਮਕਾਉਣ ਲੱਗ ਪਈ। ਉਸ ਨੇ ਅੱਗੇ ਦੱਸਿਆ ਕਿ ਧਰਮਿੰਦਰਪਾਲ ਦੇ ਘਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਿਤਪਾਲ ਸਿੰਘ ਬੱਲ ਵਾਸੀ ਮਜੀਠਾ ਅਤੇ ਰਾਜਵੀਰ ਸਿੰਘ ਵਾਸੀ ਆਬਾਦੀ ਰੋੜੀ ਦਾ ਕਾਫੀ ਆਉਣ ਜਾਣ ਹੋਣ ਕਰਕੇ ਉਨ੍ਹਾਂ ਨੂੰ ਆਪਣੀ ਸਾਰੀ ਹੱਡਬੀਤੀ ਦੱਸੀ ਪਰ ਇਸ ਦੇ ਉਲਟ ਇਨ੍ਹਾਂ ਉਸ ਨੂੰ ਮਾਰਿਆ ਕੁੱਟਿਆ ਅਤੇ ਡਰਾਇਆ ਧਮਕਾਇਆ ਜਿਸ 'ਤੇ ਉਸ ਨੇ ਡਰਦੀ ਮਾਰੀ ਨੇ ਕਿਸੇ ਨਾਲ ਗੱਲ ਨਹੀਂ ਕੀਤੀ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਂ ਦੇ ਸਾਹਮਣੇ ਉਸ ਨਾਲ ਛੇੜਛਾੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕਪੜੇ ਪਾੜ ਦਿੱਤੇ। ਉਸ ਨੇ ਦੋਸ਼ ਲਗਾਇਆ ਕਿ ਧਰਮਿੰਦਰਪਾਲ ਸਿੰਘ ਉਰਫ ਬਿੱਲਾ ਨੇ ਉਸ ਦੀ ਮਾਤਾ ਅਤੇ ਆਮ ਆਦਮੀ ਪਾਰਟੀ ਦੇ ਆਦਮੀ ਪ੍ਰਿਤਪਾਲ ਸਿੰਘ ਬੱਲ ਅਤੇ ਰਾਜਵੀਰ ਸਿੰਘ ਦੀ ਸ਼ਹਿ 'ਤੇ ਉਸ ਨਾਲ ਛੇੜਛਾੜ ਅਤੇ ਅਸ਼ਲੀਲ ਹਰਕਤਾਂ ਕੀਤੀਆਂ ਹਨ।

ਮਜੀਠਾ ਥਾਣਾ ਦੇ ਐਸਐਚਓ ਮਨਮੀਤਪਾਲ ਸਿੰਘ ਨੇ ਕਿਹਾ ਕਿ ਉਕਤ ਨਾਬਾਲਗ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਸੱਤਾਧਾਰੀ ਆਮ ਆਦਮੀ ਪ੍ਰਿਤਪਾਲ ਸਿੰਘ ਬੱਲ ਅਤੇ ਉਸਦੇ ਨਜ਼ਦੀਕੀ ਸਾਥੀ ਰਾਜਵੀਰ ਸਿੰਘ ਉਰਫ ਰੋੜੀ ਲੜਕੀ ਦੀ ਮਾਤਾ ਦਲਜੀਤ ਕੌਰ ਅਤੇ ਧਰਮਿੰਦਪਾਲ ਸਿੰਘ ਉਰਫ ਬਿੱਲਾ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪ੍ਰਿਤਪਾਲ ਸਿੰਘ ਬੱਲ ਅਤੇ ਰਾਜਵੀਰ ਸਿੰਘ ਉਰਫ ਰਾਜੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀ ਦੋਵਾਂ ਦੀ ਭਾਲ ਵਿੱਚ ਛਾਪੇਮਾਰੀ ਜਾਰੀ ਹੈ।

Posted By: Jagjit Singh