ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਕ ਦੇ ਸੀਨੀਅਰ ਆਗੂ ਤੇ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸ. ਜਗਜੀਤ ਸਿੰਘ ਡੱਲੇਵਾਲ ਦੀ ਸਖਸ਼ੀਅਤ ਅਤੇ ਕਿਸਾਨ ਪੱਖੀ ਸੋਚ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਉਗਰਾਹਾਂ ਜੱਥੇਬੰਦੀ ਦੀ ਸਮੁੱਚੀ ਜ਼ਿਲ੍ਹਾ ਟੀਮ 5 ਬਲਾਕਾਂ,ਚੋਗਾਵਾਂ,ਮਜੀਠਾ,ਅਟਾਰੀ,ਵੇਰਕਾ,ਹਰਸ਼ਾ ਛੀਨਾਂ ਦੇ ਬਲਾਕ ਪ੍ਰਧਾਨਾਂ ਅਤੇ ਸਾਥੀਆਂ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿੱਚ ਭਾਕਿਯੂ ਏਕਤਾ ਸਿੱਧੂਪੁਰ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਕਿਸਾਨਾਂ ਦਾ ਜੱਥੇਬੰਦਕ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਰਕਾਰਾ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਅਤੇ ਕਿਸਾਨਾ ਨੂੰ ਮਾਰਨ ਲਈ ਨਿੱਤ ਨਵੀਂਆਂ ਕੋਝੀਆਂ ਸਾਜਿਸ਼ਾਂ ਰਚ ਰਹੀਆਂ ਹਨ ਜਿਸ ਦੇ ਕਾਰਨ ਹੀ ਸਰਕਾਰ ਵੱਲੋ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਨਹੀ ਕੀਤੀ ਜਾ ਰਹੀ ਹੈ। ਜੇਕਰ ਇਹ ਰਿਪੋਰਟ ਲਾਗੂ ਹੋ ਜਾਵੇ ਤਾਂ ਕੋਈ ਵੀ ਕਿਸਾਨ ਕਰਜ਼ਾਈ ਨਹੀ ਰਹੇਗਾ। ਇਸ ਲਈ ਕਿਹੜੀ ਜੱਥੇਬੰਦੀ ਕੁੱਲ ਕਰਜ਼ ਮੁਕਤੀ,MSP ਦੇ ਗਰੰਟੀ ਕਾਨੂੰਨ ਅਤੇ ਡਾ.ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ ਕਰਦੀ ਹੈ ਇਹ ਸਮਝਣਾ ਪਵੇਗਾ।ਇਸ ਲਈ ਕਿਸੇ ਵੀ ਜੱਥੇਬੰਦੀ ਨਾਲ ਜੁੜਨ ਤੋਂ ਪਹਿਲਾਂ ਉਸ ਦੇ ਸੰਵਿਧਾਨ ਨੂੰ ਪੜ੍ਹਨਾ ਤੇ ਸਮਝਣਾ ਬਹੁਤ ਜਰੂਰੀ ਹੈ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜੇਕਰ ਸਰਕਾਰਾਂ ਦੀ ਨੀਅਤ ਅਤੇ ਨੀਤੀਆਂ ਸਹੀ ਹੋਣ ਅਤੇ ਕਿਸਾਨਾਂ ਦਾ ਬਣਦਾ ਹੱਕ ਉਹਨਾਂ ਨੂੰ ਦੇਣ ਅਤੇ ਫਸਲਾਂ ਦਾ ਭਾਅ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਮਿੱਥਣ ਅਤੇ ਸਮੇਂ ਸਿਰ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪੈਸਾ ਮਿਲੇ ਤਾਂ ਉਹਨਾਂ ਨੂੰ ਨਾਂ ਧਰਨੇ ਲਗਾਉਣੇ ਪੈਣ ਤੇ ਨਾਂ ਹੀ ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਸ਼ਹੀਦੀਆਂ ਦੇਣੀਆਂ ਪੈਣ। ਉਹਨਾਂ ਕਿਹਾ ਕਿ ਸਰਕਾਰਾਂ ਦੀ ਅਣਦੇਖੀ ਅਤੇ ਕੁਦਰਤ ਦੀ ਮਾਰ ਹੇਠ ਆਉਣ ਨਾਲ ਕਿਸਾਨੀ ਦਾ ਆਰਥਿਕ ਤੌਰ ਤੇ ਲੱਕ ਟੁੱਟ ਚੁੱਕਾ ਹੈ ਅਤੇ ਪਿੱਛਲੇ ਸਾਲ ਕਣਕ ਦਾ ਘੱਟ ਝਾੜ ਨਿਕਲਣ ਕਰਕੇ ਫੇਰ ਲੰਪੀ ਸਕਿਨ ਬਿਮਾਰੀ ਕਰਕੇ, ਉਸ ਤੋਂ ਬਾਅਦ ਝੋਨੇ ਵਿੱਚ ਆਏ ਹੋਏ ਚਾਈਨਾ ਵਾਇਰਸ ਕਾਰਨ ਅਤੇ ਹੁਣ ਕੁਦਰਤ ਨੇ ਕਿਸਾਨਾਂ ਦੀ ਸੋਨੇ ਵਰਗੀ ਫ਼ਸਲ ਨੂੰ ਪਾਣੀ ਵਿਚ ਡੋਬ ਕੇ ਕਿਸਾਨੀ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਕਮੇਟੀ ਦੀ ਕੀਤੀ ਗਈ ਚੋਣ ਵਿੱਚ ਜ਼ਿਲ੍ਹਾ ਪ੍ਰਧਾਨ ਬਾਬਾ ਕਰਮਜੀਤ ਸਿੰਘ ਨੰਗਲੀ ਨੂੰ,ਜਨਰਲ ਸਕੱਤਰ ਪਲਵਿੰਦਰ ਸਿੰਘ ਮਾਹਲ,ਸੀਨੀਅਰ ਮੀਤ ਪ੍ਰਧਾਨ ਡਾ. ਬੱਚਿਤਰ ਸਿੰਘ ਕੋਟਲਾ,ਪ੍ਰੈਸ ਸਕੱਤਰ ਬਲਰਾਮ ਸਿੰਘ ਝੰਜੋਟੀ,ਖਜ਼ਾਨਚੀ ਮਲਕੀਤ ਸਿੰਘ ਵਡਾਲਾ,ਜਥੇਬੰਦਕ ਸਕੱਤਰ ਗੁਰਜੰਟ ਸਿੰਘ ਕੋਹਾਲੀ,ਸਕੱਤਰ ਜਗਜੀਤ ਸਿੰਘ ਕੋਹਾਲੀ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ।

Posted By: Sandip Kaur