ਜੇਐੱਨਐੱਨ, ਅੰਮ੍ਰਿਤਸਰ : ਮਿਸ਼ਨ ਬੰਦੇ ਭਾਰਤ ਤਹਿਤ ਕੁਆਲਾਲੰਪੁਰ ਤੇ ਵੈਨਕੁਵਰ 'ਚ ਫਸੇ 211 ਭਾਰਤੀਆਂ ਨੂੰ ਲਿਆਂਦਾ ਗਿਆ। ਕੁਆਲਾਲੰਪੁਰ ਤੋਂ ਵੀਰਵਾਰ ਰਾਤ ਪਹੁੰਚੀ ਉਡਾਣ 'ਚ 95 ਤੇ ਵੈਨਕੁਵਰ (ਕੈਨੇਡਾ) ਤੋਂ ਸ਼ੁੱਕਰਵਾਰ ਸਵੇਰੇ ਏਅਰ ਇੰਡੀਆ ਦੀ ਫਲਾਈਟ ਰਾਹੀਂ 116 ਭਾਰਤੀਆਂ ਨੂੰ ਵਾਪਸ ਲਿਆਂਦਾ ਗਿਆ। ਵੱਖ-ਵੱਖ ਸੂਬਿਆਂ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਦੀਆਂ ਪ੍ਰਸ਼ਾਸਨਿਕ ਟੀਮਾਂ ਇਨ੍ਹਾਂ ਨੂੰ ਲੈ ਕੇ ਰਵਾਨਾ ਹੋ ਗਈਆਂ। ਕੁਆਲਾਲੰਪੁਰ ਤੋਂ ਆਈ ਫਲਾਈਟ 'ਚ 95 ਭਾਰਤੀ ਪਹੁੰਚੇ। ਇਨ੍ਹਾਂ 'ਚ ਪੰਜਾਬ ਦੇ 76, ਚੰਡੀਗੜ੍ਹ ਦੇ 5, ਹਰਿਆਣਾ ਦੇ 6, ਜੰਮੂ ਦੇ 4, ਹਿਮਾਚਲ ਪ੍ਰਦੇਸ਼ ਦੇ 2, ਦਿੱਲੀ ਤੇ ਮੱਧ ਪ੍ਰਦੇਸ਼ ਦਾ 1-1 ਵਿਅਕਤੀ ਸ਼ਾਮਲ ਸੀ। ਪੰਜਾਬ ਦੇ ਵਾਪਸੀ ਕਰਨ ਵਾਲੇ ਲੋਕਾਂ 'ਚ ਅੰਮ੍ਰਿਤਸਰ ਦੇ 14, ਗੁਰਦਾਸਪੁਰ ਦੇ 11, ਤਰਨਤਾਰਨ ਦੇ 3, ਜਲੰਧਰ ਦੇ 6, ਲੁਧਿਆਣਾ ਦੇ 19, ਮੋਹਾਲੀ ਦੇ 10, ਪਟਿਆਲਾ ਦੇ 5, ਚੰਡੀਗੜ੍ਹ, ਕਪੂਰਥਲਾ, ਪਠਾਨਕੋਟ ਤੇ ਸ਼ਹੀਦ ਭਗਤ ਸਿੰਘ ਨਗਰ ਦੇ 3-3, ਫ਼ਤਹਿਗੜ੍ਹ ਸਾਹਿਬ ਦੇ 2 ਤੇ ਬਠਿੰਡਾ, ਫਰੀਦਕੋਟ, ਹੁਸ਼ਿਆਰਪੁਰ, ਫਿਰੋਜ਼ਪੁਰ ਦਾ 1-1 ਵਿਅਕਤੀ ਸ਼ਾਮਲ ਸੀ। ਕੁਆਲਾਲੰਪੁਰ ਤੋਂ ਲਿਆਂਦੇ ਗਏ ਲੋਕਾਂ ਨੇ ਕੁਆਰੰਟਾਈਨ ਕੀਤੇ ਜਾਣ ਦਾ ਵਿਰੋਧ ਕੀਤਾ ਪਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ 14 ਦਿਨਾਂ ਤਕ ਉਨ੍ਹਾਂ ਨੂੰ ਏਕਾਂਤਵਾਸ 'ਚ ਰਹਿਣਾ ਹੀ ਪਵੇਗਾ। ਅੰਮ੍ਰਿਤਰ ਦੇ ਲੋਕਾਂ 'ਚੋਂ ਕੁਝ ਨੂੰ ਹੋਟਲ ਤੇ ਕੁਝ ਨੂੰ ਸਵਾਮੀ ਵਿਵੇਕਾਨੰਦ ਸੈਂਟਰ 'ਚ ਕੁਆਰੰਟਾਈਨ ਕੀਤਾ ਗਿਆ ਹੈ। ਉਥੇ ਹੀ ਦੂਜੇ ਪਾਸੇ ਵੈਨਕੁਵਰ ਤੋਂ ਫਲਾਈਟ ਰਾਹੀਂ 116 ਜਣੇ ਪਰਤੇ। ਇਨ੍ਹਾਂ 'ਚ ਜ਼ਿਆਦਾਤਰ ਕੈਨੇਡਾ ਗਏ ਵਿਦਿਆਰਥੀ ਸ਼ਾਮਲ ਹਨ। ਅੰਮ੍ਰਿਤਸਰ ਦੇ ਮੁਸਾਫਿਰਾਂ ਨੂੰ ਇਥੇ ਹੀ ਕੁਆਰੰਟਾਈਨ ਕਰ ਦਿੱਤਾ ਗਿਆ, ਜਦਕਿ ਬਾਕੀ ਜ਼ਿਲ੍ਹਿਆਂ ਤੇ ਬਾਹਰੀ ਸੂਬਿਆਂ ਦੇ ਵਿਦਿਆਰਥੀਆਂ ਨੂੰ ਪ੍ਰਸ਼ਾਸਨਿਕ ਟੀਮਾਂ ਲੈ ਕੇ ਰਵਾਨਾ ਹੋ ਗਈਆਂ।

Posted By: Susheel Khanna