ਕਿਰਪਾਲ ਸਿੰਘ ਰੰਧਾਵਾ, ਹਰੀਕੇ ਪੱਤਣ : ਕਸਬਾ ਹਰੀਕੇ ਪੱਤਣ ਵਿਖੇ ਬੁੱਧਵਾਰ ਦੁਪਹਿਰ ਕਰੀਬ ਡੇਢ ਵਜੇ ਘਰ ਵਿਚ ਦਾਖਲ ਹੋਏ ਦੋ ਨੌਜਵਾਨਾਂ ਨੇ ਸੁੱਤੀ ਪਈ ਬਜ਼ੁਰਗ ਅੌਰਤ ਦੇ ਕੰਨਾਂ 'ਚੋਂ ਵਾਲੀਆਂ ਲਾਹ ਲਈਆਂ ਤੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਮੁਲਜ਼ਮਾਂ ਕੋਲ ਅਪਾਚੀ ਨਾਂ ਦਾ ਮੋਟਰਸਾਈਕਲ ਦੱਸਿਆ ਜਾ ਰਿਹਾ ਹੈ।

ਜਗਦੀਸ਼ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਹਰੀਕੇ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦੀ ਮਾਤਾ ਰਤਨ ਕੌਰ ਘਰ ਵਿਚ ਸੁੱਤੀ ਪਈ ਸੀ। ਕਰੀਬ ਡੇਢ ਵਜੇ ਦੋ ਮੁੰਡੇ ਘਰ ਅੰਦਰ ਦਾਖਲ ਹੋਏ ਅਤੇ ਮਾਤਾ ਦੇ ਕੰਨਾਂ ਵਿਚੋਂ ਕਰੀਬ ਇਕ ਤੋਲੇ ਦੀਆਂ ਵਾਲੀਆਂ ਖਿੱਚ ਕੇ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮਾਤਾ ਵੱਲੋਂ ਰੌਲਾ ਪਾਉਣ 'ਤੇ ਗਵਾਂਢੀ ਬਾਹਰ ਤਾਂ ਆਏ ਪਰ ਇਨੇਂ ਵਿਚ ਹੀ ਦੋਵੇਂ ਖੋਹਬਾਜ਼ ਕਾਲੇ ਰੰਗ ਦੇ ਅਪਾਚੀ ਮੋਟਰਸਾਈਕਲ ਰਾਂਹੀ ਫਰਾਰ ਹੋ ਗਏ। ਥਾਣਾ ਹਰੀਕੇ ਦੇ ਮੁਖੀ ਦਾ ਕਹਿਣਾ ਹੈ ਕਿ ਖੋਹਬਾਜ਼ਾਂ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ। ਦੱਸਣਾ ਬਣਦਾ ਹੈ ਕਿ ਇਲਾਕੇ ਵਿਚ ਵਾਪਰ ਰਹੀਆਂ ਘਟਨਾਵਾਂ ਦੇ ਕਰਕੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।