ਰਾਜਵਿੰਦਰ ਸਿੰਘ ਰਾਜੂ/ਰਾਜਨ ਚੋਪੜਾ, ਘਰਿਆਲਾ/ਭਿੱਖੀਵਿੰਡ : ਪਿੰਡ ਮਾਣਕਪੁਰ ਵਿਚ ਗੁਰਦੁਆਰਾ ਸਾਹਿਬ ਦੇ ਗ੍ੰਥੀ ਦੀ ਕੋਰੋਨਾ ਵਾਇਰਸ ਨਾਲ ਮੌਤ ਤੋਂ ਬਾਅਦ ਉਸ ਦੇ ਸੰਪਰਕ ਵਿਚ ਆਏ 42 ਵਿਅਕਤੀਆਂ ਦੇ ਪਾਜ਼ੇਟਿਵ ਆਉਣ ਮਗਰੋਂ ਸਿਹਤ ਵਿਭਾਗ ਵੱਲੋਂ ਪਿੰਡ ਨੂੰ ਮਿੰਨੀ ਕੰਨਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ।

ਇਸ ਸਬੰਧੀ ਸੀਐੱਚਸੀ ਘਰਿਆਲਾ ਦੇ ਐੱਸਐੱਮਓ ਡਾ. ਨੀਤੂ ਨੇ ਦੱਸਿਆ ਕਿ ਪਰਮਜੀਤ ਸਿੰਘ ਬਲਾਕ ਐਜੂਕੇਟਰ ਦੀ ਅਗਵਾਈ ਹੇਠ ਮਾਣਕਪੁਰ ਵਿਚ ਪਿਛਲੇ ਦੋ ਦਿਨਾਂ ਤੋਂ ਮੈਡੀਕਲ ਟੀਮਾਂ ਵੱਲੋਂ ਕੋਰੋਨਾ ਜਾਂਚ ਕੈਂਪ ਲਗਾਇਆ ਗਿਆ ਹੈ। ਜਿਸ ਵਿਚ 141 ਸ਼ੱਕੀ ਵਿਅਕਤੀਆਂ ਦੇ ਰੈਪਿਡ ਟੈਸਟ ਕੀਤੇ ਗਏ, ਜਿਨ੍ਹਾਂ 'ਚੋਂ 42 ਵਿਅਕਤੀ ਪਾਜ਼ੇਟਿਵ ਆਏ ਹਨ ਤੇੇ ਉਨ੍ਹਾਂ ਨੂੰ ਕੋਵਿਡ ਕੇਅਰ ਕਿੱਟਾਂ ਦੇ ਕੇ ਹੋਮ ਆਈਸੋਲੇਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਆਰਟੀਪੀਸੀਆਰ ਦੇ 506 ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਆਉਣੀ ਬਾਕੀ ਹੈ। ਇਸ ਸਮੇਂ ਡਾ. ਨੀਤੂ ਨੇ ਪਿੰਡ ਵਾਸੀਆਂ ਨੂੰ ਘਰ ਵਿਚ ਰਹਿਣ ਦੀ ਅਪੀਲ ਕੀਤੀ ਤੇ ਮਾਸਕ ਲਗਾ ਕੇ ਰੱਖਣ, ਆਪਣੇ ਹੱਥਾਂ ਨੂੰ ਸੈਨੇਟਾਈਜ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਗੁਰਜੀਤ ਸਿੰਘ ਸੁਪਰਵਾਈਜਰ, ਪ੍ਰਦੀਪ ਕੌਰ ਐੱਲਐੱਚਵੀ, ਜੋਰਾਵਰ ਸਿੰਘ ਸੁਪਰਵਾਈਜਰ, ਸੀਐੱਚਓ ਅਮਨਦੀਪ ਕੌਰ, ਮਨਜਿੰਦਰ ਕੌਰ, ਸੁਮਨਜੀਤ ਕੌਰ, ਜਗਦੀਪ ਕੌਰ, ਪਵਨਦੀਪ ਕੌਰ ਤੇ ਹੋਰ ਸਿਹਤ ਕਰਮੀ ਹਾਜ਼ਰ ਸਨ।