ਜਸਪਾਲ ਸਿੰਘ ਜੱਸੀ, ਤਰਨਤਾਰਨ : ਤਰਨਤਾਰਨ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਇਕ ਹੋਰ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂਕਿ ਪੰਜ ਨਵੇਂ ਕੋੋਰਨਾ ਪਾਜ਼ੇਟਿਵ ਮਰੀਜਾਂ ਦੀ ਪੁਸ਼ਟੀ ਹੋਈ ਹੈ। ਹਾਲਾਂਕਿ ਰੈਪਿਡ ਐਂਟੀਜਨ ਦੇ ਤਹਿਤ ਕੀਤੇ ਗਏ 310 ਟੈਸਟਾਂ ਦੀ ਰਿਪੋਰਟ ਨੈਗੇਟਿਵ ਰਹੀ ਹੈ। ਦੱਸਣਾ ਬਣਦਾ ਹੈ ਕਿ ਹੁਣ ਤਕ ਜ਼ਿਲ੍ਹੇ ਨਾਲ ਸਬੰਧਤ 1778 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦਿੰਦਿਆਂ ਸਿਹਤਯਾਬੀ ਹਾਸਲ ਕਰ ਚੁੱਕੇ ਹਨ।

ਡੀਸੀ ਕੁਲਵੰਤ ਸਿੰਘ ਧੂਰੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੋਵਿਡ-19 ਦੀ ਜਾਂਚ ਲਈ ਅੰਮਿ੍ਤਸਰ ਭੇਜੇ ਗਏ 711 ਸੈਂਪਲਾਂ 'ਚੋਂ ਅੱਜ ਸਿਰਫ਼ 5 ਦੀ ਰਿਪੋਰਟ ਪਾਜ਼ੇਟਿਵ ਆਈ ਹੈ ਅਤੇ 706 ਸੈਂਪਲਾਂ ਦੀ ਰਿਪੋਰਟ ਨੈਗਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਕੀਤੇ ਗਏ 310 ਰੈਪਿਡ ਐਂਟੀਜਨ ਟੈਸਟ ਵੀ ਨੈਗਟਿਵ ਪਾਏ ਗਏ ਹਨ। ਜ਼ਿਲ੍ਹੇ ਸਰਕਾਰੀ ਹਸਪਤਾਲਾਂ 'ਚ ਕੋਵਿਡ-19 ਦੀ ਜਾਂਚ ਲਈ ਅੱਜ 1118 ਸੈਂਪਲ ਹੋਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਹੁਣ ਤਕ ਆਰਟੀਪੀਸੀਆਰ, ਰੈਪਿਡ ਐਂਟੀਜਨ ਤੇ ਟਰੂਨਟ ਵਿਧੀ ਰਾਹੀਂ 64 ਹਜਾਰ 692 ਵਿਅਕਤੀਆਂ ਦੀ ਕੋਰੋਨਾ ਜਾਂਚ ਕੀਤੀ ਗਈ ਹੈ। ਜਿਨ੍ਹਾਂ ਵਿਚੋਂ 61 ਹਜਾਰ 514 ਵਿਅਕਤੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਤਕ 1970 ਵਿਅਕਤੀ ਕੋਰੋਨਾ ਤੋਂ ਪੀੜਤ ਪਾਏ ਗਏ ਹਨ। ਇਸ ਤੋਂ ਇਲਾਵਾ 807 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਆਉਣੀ ਬਾਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿਚ ਕੋਵਿਡ-19 ਦੇ 107 ਕੇਸ ਐਕਟਿਵ ਰਹਿ ਗਏ ਹਨ। ਜਿੰਨ੍ਹਾਂ ਵਿਚੋਂ 3 ਵਿਅਕਤੀ ਆਈਸੋਲੇਸ਼ਨ ਵਾਰਡ ਸਿਵਲ ਹਸਪਤਾਲ ਤਰਨਤਾਰਨ ਵਿਖੇ ਦਾਖਲ ਹਨ। ਇਸ ਤੋਂ ਇਲਾਵਾ 87 ਵਿਅਕਤੀਆਂ ਨੂੰ ਘਰਾਂ 'ਚ ਇਕਾਂਤਵਾਸ ਕੀਤਾ ਗਿਆ ਹੈ, 2 ਵਿਅਕਤੀ ਗੁਰੂ ਨਾਨਕ ਦੇਵ ਸੁਪਰਸਪੈਸਲਿਟੀ ਹਸਪਤਾਲ ਅਤੇ 2 ਮਰੀਜ਼ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਆਪਣਾ ਇਲਾਜ ਕਰਵਾ ਰਹੇ ਹਨ। ਇਸ ਤੋਂ ਇਲਾਵਾ 11 ਵਿਅਕਤੀ ਹੋਰ ਜ਼ਿਲਿ੍ਹਆਂ ਵਿਚ ਇਲਾਜ ਅਧੀਨ ਹਨ।