ਰਜਿੰਦਰ ਸਿੰਘ ਰਾਜੂ, ਤਰਨਤਾਰਨ : ਸਰਵ ਸਿੱਖਿਆ ਅਭਿਆਨ ਮਿਡੇ ਮੀਲ ਦਫਤਰੀ ਕਰਮਚਾਰੀ 13 ਅਗਸਤ ਨੂੰ ਤਰਨਤਾਰਨ ਦੇ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੂੰ ਚੋਣ ਮਨੋਰਥ ਪੱਤਰ ਵਾਪਸ ਮੋੜਨ ਜਾਣਗੇ। ਕਿਉਂਕਿ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਇਹ ਚੋਣ ਮਨੋਰਥ ਪੱਤਰ ਤਾਂ ਉਨ੍ਹਾਂ ਦੇ ਕਿਸੇ ਕੰਮ ਨਹੀਂ ਆਇਆ ਹੈ। ਇਸ ਵਿਚ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ ਹੈ। ਸਰਕਾਰ ਵੱਲੋਂ ਅਜੇ ਤਕ ਸਿਰਫ ਗੱਲਾਂ ਨਾਲ ਹੀ ਸਾਰਿਆ ਜਾ ਰਿਹਾ ਹੈ। ਇਸ ਲਈ ਇਹ ਮੈਨੀਫੈਸਟੋ ਕਾਂਗਰਸੀ ਵਿਧਾਇਕ ਨੂੰ ਵਾਪਸ ਦੇਣਾ ਹੈ ਕਿਉਂਕਿ ਇਹ ਮੈਨੀਫੈਸਟੋ ਫਰੇਮ ਕਰਵਾ ਕੇ ਕੰਧ 'ਤੇ ਟੰਗਣ ਲਾਇਕ ਹੀ ਹੈ। ਜ਼ਿਕਰਯੋਗ ਹੈ ਕਿ ਚੋਣਾਂ ਸਮੇਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੌਫੀ ਵਿਦ ਕੈਪਟਨ ਅਤੇ ਮਨਪ੍ਰਰੀਤ ਸਿੰਘ ਬਾਦਲ ਵੱਲੋਂ ਮੁਲਾਜ਼ਮਾਂ ਨਾਲ ਕਈ ਮੀਟਿੰਗ ਕਰਕੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੇ ਵਾਅਦੇ ਕੀਤੇ ਗਏ ਸਨ ਅਤੇ ਮੈਨੀਫੈਸਟੋ ਦੇ ਪੇਜ ਨੰਬਰ 117 'ਤੇ ਦਰਜ ਵਾਅਦੇ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ, ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਛੇਵਾਂ ਪੇ ਕਮਿਸ਼ਨ ਲਾਗੂ ਕਰਨ ਅਤੇ ਡੀਏ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨਾ ਹੈ। ਪਰ ਸਰਕਾਰ ਬਨਣ ਦੇ ਸਾਢੇ ਤਿੰਨ ਸਾਲ ਬੀਤਣ ਤੇ ਵੀ ਇੰਨ੍ਹਾਂ ਵਾਅਦਿਆਂ ਵਿਚੋਂ ਇਕ ਵੀ ਵਾਅਦਾ ਸਰਕਾਰ ਨੇ ਪੂਰਾ ਨਹੀਂ ਕੀਤਾ। ਜਿਸ ਤੋਂ ਖਫਾ ਮੁਲਾਜ਼ਮ ਇਹ ਕਦਮ ਚੁੱਕਣ ਨੂੰ ਮਜਬੂਰ ਹੋਏ ਹਨ।

ਇਹ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਅਤੇ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਸਾਹਿਬ ਸਿੰਘ, ਬਲਜਿੰਦਰ ਸਿੰਘ ਅਤੇ ਹਰਪ੍ਰਰੀਤ ਸਿੰਘ ਨੇ ਕਿਹਾ ਕਿ ਜਦੋਂ ਦੀ ਕਾਂਗਰਸ ਸਰਕਾਰ ਸੱਤਾ ਵਿਚ ਆਈ ਹੈ, ਉਦੋਂ ਤੋਂ ਕੈਬਨਿਟ ਸਬ ਕਮੇਟੀਆਂ ਬਣਾ ਕੇ ਟਾਇਮ ਪਾਸ ਕੀਤਾ ਜਾ ਰਿਹਾ ਹੈ। ਸਾਢੇ ਤਿੰਨ ਸਾਲ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਹੁਣ ਤਕ ਪੰਜ ਵਾਰ ਕੈਬਨਿਟ ਸਬ ਕਮੇਟੀ ਵਿਚ ਫੇਰ ਬਦਲ ਹੋ ਚੁੱਕੇ ਹਨ। ਪਰ ਅੱਜ ਤਕ ਨਤੀਜਾ ਕੋਈ ਵੀ ਨਹੀਂ ਨਿਕਲਿਆ ਹੈ। ਮੁਲਾਜ਼ਮ ਆਗੂਆਂ ਨੇ ਕਿਹਾ ਕਿ ਸਰਕਾਰ ਕੈਬਨਿਟ ਸਬ ਕਮੇਟੀਆਂ ਦੀਆਂ ਸਿਰਫ ਮੀਟਿੰਗਾਂ ਕਰਕੇ ਨਾ ਸਾਰੇ, ਸਗੋਂ ਤਿੰਨ ਸਾਲਾਂ ਦੀ ਸੇਵਾ ਪੂਰੀ ਕਰਨ ਵਾਲੇ ਕੱਚੇ ਮੁਲਾਜ਼ਮਾਂ ਨੂੰ ਤੁਰੰਤ ਵਿਭਾਗ ਅਧੀਨ ਲਿਆ ਕੇ ਪੱਕਿਆ ਕਰੇ। ਕਿਉਂਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਤੇ ਸਰਕਾਰ ਤੇ ਕੋਈ ਵਾਧੂ ਵਿੱਤੀ ਬੋਝ ਨਹੀਂ ਪੈਂਦਾ ਉਲਟਾ ਸਰਕਾਰ ਦੀ ਬੱਚਤ ਹੋਵੇਗੀ। ਆਗੂਆਂ ਨੇ ਕਿਹਾ ਕਿ ਸਰਕਾਰ ਦੇ ਝੂਠੇ ਵਾਅਦਿਆਂ ਤੋਂ ਖਫਾ ਮੁਲਾਜ਼ਮ 13 ਅਗਸਤ ਨੂੰ ਕਾਂਗਰਸੀ ਵਿਧਾਇਕ ਡਾ. ਧਰਮਵੀਰ ਅਗਨੀਹੋਤਰੀ ਨੂੰ ਮੈਨੀਫੈਸਟੋ ਫਰੇਮ ਕਰਵਾ ਕੇ ਵਾਪਸ ਮੋੜਨ ਜਾਣਗੇ ਤੇ ਪੰਜਾਬ ਯੂਟੀ ਮੁਲਾਜ਼ਮ ਪੈਨਸ਼ਨਰਜ਼ ਸਾਂਝਾ ਫਰੰਟ ਵੱਲੋਂ ਪੰਜਾਬ ਭਰ ਵਿਚ 15 ਅਤੇ 18 ਅਗਸਤ ਨੂੰ ਕੀਤੇ ਜਾ ਰਹੇ ਰੋਸ ਮੁਜ਼ਾਹਰਿਆਂ 'ਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨਗੇ। ਜੇਕਰ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਮੁਲਾਜ਼ਮ 15 ਅਗਸਤ ਨੂੰ ਆਜ਼ਾਦੀ ਦਿਵਸ ਦੀ ਬਜਾਏ ਗੁਲਾਮੀ ਦਿਵਸ ਮਨਾਉਣਗੇ।