ਰਾਜਨ ਚੋਪੜਾ, ਭਿੱਖੀਵਿੰਡ : ਪੰਜਾਬ ਇਸਤਰੀ ਸਭਾ ਵੱਲੋਂ ਤੇਲ ਦੀਆਂ ਕੀਮਤਾਂ ਵਿਚ ਕੀਤੇ ਵਾਧੇ ਵਿਰੁੱਧ ਸੂਬੇ ਭਰ ਦੇ ਪਿੰਡਾਂ, ਸ਼ਹਿਰਾਂ ਤੇ ਕਸਬਿਆਂ 'ਚ ਮੋਦੀ ਸਰਕਾਰ ਤੇ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ। ਇਹ ਜਾਣਕਾਰੀ ਦਿੰਦਿਆਂ ਪੰਜਾਬ ਇਸਤਰੀ ਸਭਾ ਦੀ ਜ਼ਿਲ੍ਹਾ ਪ੍ਰਧਾਨ ਸੀਮਾ ਸੋਹਲ, ਸਕੱਤਰ ਰੁਪਿੰਦਰ ਕੌਰ ਮਾੜੀਮੇਘਾ, ਜਸਬੀਰ ਕੌਰ ਲੱਧੂ ਤੇ ਹਰਜਿੰਦਰ ਕੌਰ ਅਲਗੋਂ ਨੇ ਦੱਸਿਆ ਕਿ ਭਿੱਖੀਵਿੰਡ ਬਲਾਕ ਦੇ ਪਿੰਡ ਲੱਧੂ ਵਿਖੇ ਸਭਾ ਵੱਲੋਂ ਰੋਹ ਭਰਪੂਰ ਮੁਜ਼ਾਹਰਾ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ। ਆਗੂਆਂ ਨੇ ਕਿਹਾ ਕਿ ਅੰਤਰ-ਰਾਸ਼ਟਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਮੋਦੀ ਸਰਕਾਰ ਨੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਅਥਾਹ ਵਾਧਾ ਕਰ ਦਿੱਤਾ ਹੈ। ਪੰਜਾਬ ਸਰਕਾਰ ਵੀ ਪਿੱਛੇ ਨਹੀਂ ਰਹੀ, ਉਸ ਨੇ ਵੀ ਤੇਲ 'ਤੇ ਵੈਟ ਵਧਾ ਕੇ ਲੋਕਾਂ ਦੀ ਲੁੱਟ ਕੀਤੀ ਹੈ। ਮੋਦੀ ਸਰਕਾਰ ਪ੍ਰਰਾਈਵੇਟ ਕੰਪਨੀਆਂ ਨੂੰ ਮਾਲੋ-ਮਾਲ ਕਰ ਰਹੀ ਹੈ। ਬੱਸ ਕਿਰਾਏ 'ਚ ਵੀ ਵਾਧਾ ਹੋਣ ਨਾਲ ਲੋਕਾਂ 'ਤੇ ਆਰਥਿਕ ਬੋਝ ਪਿਆ ਹੈ। ਸਰਕਾਰ ਨੂੰ ਚਾਹੀਦਾ ਤਾਂ ਇਹ ਸੀ ਕਿ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਲੋਕਾਂ ਨੂੰ ਕੋਈ ਰਾਹਤ ਦਿੱਤੀ ਜਾਂਦੀ, ਪਰ ਸਰਕਾਰਾਂ ਨੇ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦਾ ਕਚੂੰਮਰ ਕੱਿਢਆ ਹੈ। ਪਿੰਡਾਂ 'ਚ ਰਾਸ਼ਨ ਵੰਡਣ ਵੇਲੇ ਵੀ ਵਿਤਕਰਾ ਕੀਤਾ ਜਾਂਦਾ ਹੈ, ਜ਼ਿਆਦਾਤਰ ਲੋੜਵੰਦ ਲੋਕ ਰਾਸ਼ਨ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਮੌਕੇ ਰਣਜੀਤ ਕੌਰ, ਮਨਜੀਤ ਕੌਰ, ਪਵਨ ਕੁਮਾਰ ਮਲਹੋਤਰਾ, ਬਲਵੀਰ ਕੌਰ , ਟਹਿਲ ਸਿੰਘ ਲੱਧੂ, ਗਿਆਨ ਕੌਰ, ਭੋਲੀ ਕੌਰ, ਜੋਗਿੰਦਰ ਕੌਰ, ਚਰਨਜੀਤ ਕੌਰ, ਬਲਵਿੰਦਰ ਕੌਰ, ਰਾਜ ਕੌਰ, ਨਿੰਦਰ ਕੌਰ ਤੇ ਸਰਬਜੀਤ ਕੌਰ ਹਾਜ਼ਰ ਸਨ।