ਤੇਜਿੰਦਰ ਸਿੰਘ ਬੱਬੂ, ਸਰਾਏ ਅਮਾਨਤ ਖਾਂ : ਬੀੜ ਬਾਬਾ ਬੁੱਢਾ ਸਾਹਿਬ ਨੇੜੇ ਬਿਘਆੜੀ ਮਾਰਗ 'ਤੇ ਅੰਮਿ੍ਤਸਰ ਦੇ ਮਿਲਟਰੀ ਹਸਪਤਾਲ ਤੋਂ ਦਵਾਈ ਲੈ ਕੇ ਆ ਰਹੇ ਪਤੀ, ਪਤਨੀ ਨੂੰ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਲੁੱਟ ਲਿਆ। ਲੁਟੇਰੇ ਅੌਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ, ਮੋਬਾਈਲ, ਨਕਦੀ ਅਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ। ਇੰਨਾ ਹੀ ਨਹੀਂ ਵਿਰੋਧ ਕਰਨ 'ਤੇ ਲੁਟੇਰਿਆਂ ਨੇ ਵਿਅਕਤੀ ਦੇ ਸਿਰ 'ਤੇ ਪਿਸਤੌਲ ਦਾ ਬੱਟ ਮਾਰ ਦਿੱਤਾ।

ਗੁਰਜੰਟ ਸਿੰਘ ਵਾਸੀ ਦੋਦੇ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ਹੀ ਫੌਜ ਵਿਚੋਂ ਛੁੱਟੀ ਆਇਆ ਹੈ। ਸ਼ਨਿੱਚਰਵਾਰ ਨੂੰ ਉਹ ਪਤਨੀ ਸੁਮਨਦੀਪ ਕੌਰ ਨਾਲ ਅੰਮਿ੍ਤਸਰ ਦੇ ਮਿਲਟਰੀ ਹਸਪਤਾਲ 'ਚੋਂ ਦਵਾਈ ਲੈ ਕੇ ਮੋਟਰਸਾਈਕਲ 'ਤੇ ਵਾਪਸ ਘਰ ਆ ਰਿਹਾ ਸੀ। ਜਦੋਂ ਉਹ ਬੀੜ ਬਾਬਾ ਬੁੱਢਾ ਸਾਹਿਬ ਨੇੜੇ ਪਿੰਡ ਬਿਘਆੜੀ ਮਾਰਗ 'ਤੇ ਪੁੱਜਾ ਤਾਂ ਪਿੱਛੋਂ ਇਕ ਮੋਟਰਸਾਈਕਲ 'ਤੇ ਸਵਾਰ ਦੋ ਨਕਾਬਪੋਸ਼ ਲੁਟੇਰੇ ਆ ਗਏ। ਜਿਨ੍ਹਾਂ ਨੇ ਆਉਂਦਿਆਂ ਹੀ ਉਸਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ। ਇਸ ਉਪਰੰਤ ਉਨ੍ਹਾਂ ਨੇ ਪਿਸਤੌਲ ਦੀ ਨੋਕ 'ਤੇ ਪਤਨੀ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖਿੱਚ ਲਈਆਂ। ਜਿਸ ਕਾਰਨ ਉਹ ਜਖਮੀ ਹੋ ਗਈ। ਲੁਟੇਰਿਆਂ ਨੇ ਉਸ ਦੀ ਪਤਨੀ ਕੋਲੋਂ ਪਰਸ ਵੀ ਖੋਹ ਲਿਆ, ਜਿਸ ਵਿਚ ਮੋਬਾਈਲ, ਏਟੀਐਮ ਕਾਰਡ, 5 ਹਜਾਰ ਰੁਪਏ ਦੀ ਨਕਦੀ ਅਤੇ ਹੋਰ ਕਾਗਜਾਤ ਸੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸਦੇ ਸਿਰ ਵਿਚ ਪਿਸਤੌਲ ਦਾ ਬੱਟ ਮਾਰ ਕੇ ਉਸ ਨੂੰ ਵੀ ਜਖਮੀ ਕਰ ਦਿੱਤਾ। ਜਖਮੀ ਹੋਣ 'ਤੇ ਲੁਟੇਰੇ ਉਸਦੇ ਫੌਜ ਦਾ ਕਾਰਡ ਖੋਹ ਕੇ ਸੁਰਸਿੰਘ ਵਾਲੇ ਪਾਸੇ ਨੂੰ ਦੌੜ ਗਏ। ਇਸ ਦੌਰਾਨ ਉਸ ਨੇ ਕੁਝ ਲੋਕਾਂ ਨੂੰ ਨਾਲ ਲੈ ਕੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ, ਪਰ ਉਹ ਹੱਥੇ ਨਹੀਂ ਚੜ ਸਕੇ। ਉਕਤ ਘਟਨਾ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵੀ ਮੋਟਰਸਾਈਕਲ ਸਵਾਰ ਮਾਂ ਪੁੱਤ ਨੂੰ ਰੋਕ ਕੇ ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਸੀ। ਜਿਨ੍ਹਾਂ ਨੂੰ ਅਜੇ ਤਕ ਪੁਲਿਸ ਕਾਬੂ ਨਹੀਂ ਕਰ ਸਕੀ ਹੈ।