ਸਟਾਫ ਰਿਪੋਰਟਰ, ਅੰਮਿ੍ਤਸਰ : ਜ਼ਿਲ੍ਹੇ 'ਚੋਂ ਮਿਲ ਰਹੀਆਂ ਖ਼ਬਰਾਂ ਕਿ ਕਰਫਿਊ ਦੌਰਾਨ ਕਈ ਨਿੱਜੀ ਹਸਪਤਾਲਾਂ ਵੱਲੋਂ ਵਾਇਰਸ ਦੇ ਡਰ ਕਾਰਨ ਆਪਣੀ ਓਪੀਡੀ ਸੇਵਾ ਬੰਦ ਕਰ ਦਿੱਤੀ ਗਈ ਹੈ, ਜਿਸ ਕਾਰਨ ਆਮ ਬਿਮਾਰੀਆਂ ਦੇ ਮਰੀਜ਼ਾਂ ਨੂੰ ਦਵਾਈ ਲੈਣ ਲਈ ਖੱਜਲ ਹੋਣਾ ਪੈ ਰਿਹਾ ਹੈ, ਨੂੰ ਗੰਭੀਰਤਾ ਨਾਲ ਲੈਂਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਿਢੱਲੋਂ ਨੇ ਸਪੱਸ਼ਟ ਕੀਤਾ ਹੈ ਕਿ ਜਿਸ ਵੀ ਨਿੱਜੀ ਹਸਪਤਾਲ ਨੇ ਸੰਕਟ ਦੇ ਇਸ ਸਮੇਂ ਕਿਸੇ ਵੀ ਬਹਾਨੇ ਆਪਣੀ ਓਪੀਡੀ ਬੰਦ ਕੀਤੀ, ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੀਤੇ ਦਿਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਕੋਲ ਵੀ ਰਾਜ ਭਰ ਵਿਚੋੋਂ ਅਜਿਹੀਆਂ ਸ਼ਿਕਾਇਤਾਂ ਪੁੱਜੀਆਂ ਸਨ ਅਤੇ ਉਨ੍ਹਾਂ ਨੇ ਤਰੁੰਤ ਇਸ ਬਾਬਤ ਸਖਤ ਨਿਰਦੇਸ਼ ਦਿੱਤੇ ਹਨ ਕਿ ਜਿਸ ਵੀ ਹਸਪਤਾਲ ਵੱਲੋਂ ਅਜਿਹਾ ਕੀਤਾ ਜਾਂਦਾ ਹੈ, ਉਸ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇ। ਿਢੱਲੋੋਂ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪ੍ਰਰਾਪਤ ਹਦਾਇਤਾਂ ਸਬੰਧੀ ਸਿਵਲ ਸਰਜਨ ਅੰਮਿ੍ਤਸਰ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਕਿ ਭਵਿੱਖ ਵਿਚ ਕਿਸੇ ਵੀ ਹਸਪਤਾਲ ਵੱਲੋਂ ਆਪਣੀ ਓਪੀਡੀ ਬੰਦ ਕਰਨ ਦੀ ਸੂਚਨਾ ਮਿਲੀ ਤਾਂ ਉਹ ਹਸਪਤਾਲ ਪੱਕਾ ਬੰਦ ਕਰਵਾ ਦਿੱਤਾ ਜਾਵੇਗਾ। ਿਢੱਲੋਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਸ ਮੌਕੇ ਦੀ ਤੁਲਨਾ ਜੰਗ ਨਾਲ ਕਰਦੇ ਕਿਹਾ ਹੈ ਕਿ ਜੰਗ ਵਿਚ ਜਦ ਕੋਈ ਫੌਜੀ ਪਿੱਛੇ ਪੈਰ ਕਰਦਾ ਹੈ ਤਾਂ ਉਸ ਨੂੰ ਗੋਲੀ ਮਾਰਨ ਦਾ ਹੁੱਕਮ ਹੁੰਦਾ ਹੈ, ਸੋ ਸਿਹਤ ਵਿਭਾਗ ਲਈ ਇਹ ਮੌਕਾ ਜੰਗ ਵਰਗਾ ਹੈ ਅਤੇ ਮਰੀਜਾਂ ਦੀ ਲੋੜ ਵੇਲੇ ਕੰਮ ਨਾ ਆਉਣ ਵਾਲੇ ਹਸਪਤਾਲਾਂ ਨੂੰ ਭਵਿੱਖ ਵਿਚ ਚੱਲਣ ਨਹੀਂ ਦਿੱਤਾ ਜਾਵੇਗਾ।