ਕ੍ਰਾਈਮ ਰਿਪੋਰਟਰ, ਤਰਨਤਾਰਨ : ਪਿੰਡ ਜੀਓਬਾਲਾ 'ਚ ਬਿਨਾਂ ਲਾਇਸੈਂਸ ਦੇ ਕਲੀਨਿਕ ਚਲਾ ਰਹੇ ਸੰਚਾਲਕ ਨੂੰ ਸਿਹਤ ਵਿਭਾਗ ਤੇ ਪੁਲਿਸ ਨੇ ਸਾਂਝੀ ਕਾਰਵਾਈ ਕਰਦਿਆਂ ਗਿ੍ਫਤਾਰ ਕਰਨ ਦਾ ਦਾਅਵਾ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਕੋਈ ਲਾਇਸੈਂਸ ਪੇਸ਼ ਨਹੀਂ ਕਰ ਸਕਿਆ, ਜਿਸ ਖਿਲਾਫ ਥਾਣਾ ਸਦਰ ਤਰਨਤਾਰਨ 'ਚ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

ਸਬ-ਇੰਸਪੈਕਟਰ ਸੰਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸੁਖਰਾਜ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਜੀਓਬਾਲਾ ਪਿੰਡ ਵਿਚ ਹੀ ਮੈਡੀਕਲ ਕਲੀਨਿਕ ਚਲਾ ਰਿਹਾ ਹੈ। ਇਸ 'ਤੇ ਸੀਐੱਚਸੀ ਝਬਾਲ ਦੇ ਮੈਡੀਕਲ ਅਫਸਰ ਸਵਰਨ ਸਿੰਘ ਨਾਲ ਪੁਲਿਸ ਮੁਲਾਜ਼ਮ ਉਸ ਦੇ ਕਲੀਨਿਕ 'ਤੇ ਪਹੁੰਚੇ। ਤਲਾਸ਼ੀ ਦੌਰਾਨ ਕਲੀਨਿਕ ਤੋਂ ਵੱਖ-ਵੱਖ ਦਵਾਈਆਂ ਦੇ ਡੱਬੇ ਬਰਾਮਦ ਹੋਏ। ਇਸ ਸਬੰਧੀ ਜਦੋਂ ਸੁਖਰਾਜ ਸਿੰਘ ਕੋਲੋਂ ਲਾਇਸੈਂਸ ਪੁੱਿਛਆ ਤਾਂ ਉਹ ਕੋਈ ਲਾਇਸੈਂਸ ਪੇਸ਼ ਨਾ ਕਰ ਸਕਿਆ। ਸਬ-ਇੰਸਪੈਕਟਰ ਸੰਦੀਪ ਕੌਰ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ।