ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਬੁੱਧਵਾਰ ਨੂੰ ਲਾਹੋਰ ਵਿਚ ਸਾਈਂ ਮੀਆਂ ਮੀਰ ਸਾਹਿਬ ਦੇ ਅਸਥਾਨ 'ਤੇ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਮਾਗਮ ਦੀ ਅਗਵਾਈ ਸਾਈਂ ਅਲੀ ਰਜ਼ਾ ਕਾਦਰੀ ਨੇ ਕੀਤੀ। ਸਮਾਗਮ ਵਿਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਗ੍ੰਥੀ ਸਿੰਘ ਸਾਹਿਬ ਗਿਆਨੀ ਦਇਆ ਸਿੰਘ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ, ਜਨਰਲ ਸਕੱਤਰ ਅਮੀਰ ਸਿੰਘ, ਪਾਕਿਸਤਾਨੀ ਪੰਜਾਬ ਦੇ ਐੱਮਪੀਏ ਰਮੇਸ਼ ਸਿੰਘ ਅਰੋੜਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਸੰਗਤ ਦਰਬਾਰ ਸਾਂਈ ਮੀਆਂ ਮੀਰ ਸਾਹਿਬ ਵਿਖੇ ਪੁੱਜੀ।

ਇਸ ਮੌਕੇ ਸਾਈਂ ਅਲੀ ਰਜ਼ਾ ਕਾਦਰੀ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਮਨੱੁਖਤਾ ਦਾ ਧਾਰਮਿਕ ਅਸਥਾਨ ਹੈ ਤੇ ਇਥੇ ਹਰ ਧਰਮ, ਕੌਮ, ਜਾਤ ਤੇ ਖਿੱਤੇ ਦਾ ਵਸਨੀਕ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਇਜ਼ਹਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਈਂ ਜੀ ਨਾਲ ਦਿਲੀਂ ਪਿਆਰ ਸੀ। ਇਸ ਲਈ ਉਨ੍ਹਾਂ ਨੇ ਜਦੋਂ ਇਸ ਪਵਿੱਤਰ ਅਸਥਾਨ ਦੀ ਨੀਂਹ ਰੱਖਣ ਮੌਕੇ ਸੰਤਾਂ-ਮਹਾਂਪੁਰਖਾਂ ਬਾਰੇ ਸੋਚਿਆ ਤਾਂ ਗੁਰੂ ਸਾਹਿਬ ਦੇ ਧਿਆਨ ਵਿਚ ਸਭ ਤੋਂ ਪਹਿਲਾ ਨਾਮ ਸਾਈਂ ਮੀਆਂ ਮੀਰ ਸਾਹਿਬ ਦਾ ਆਇਆ। ਗੁਰੂ ਸਾਹਿਬ ਨੇ ਅੰਮਿ੍ਤਸਰ ਤੋਂ ਉਚੇਚੇ ਤੌਰ 'ਤੇ ਪਾਲਕੀ ਭੇਜ ਕੇ ਸਾਈਂ ਜੀ ਨੂੰ ਅੰਮਿ੍ਤਸਰ ਬੁਲਾਇਆ ਸੀ।

ਇਸ ਮੌਕੇ ਸੰਬੋਧਨ ਕਰਦਿਆਂ ਬਿਸ਼ਨ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਸਿੱਖ ਇਤਿਹਾਸ ਵਿਚ ਅਹਿਮ ਦਿਹਾੜਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ-ਮੁਸਲਿਮ ਭਾਈਚਾਰਕ ਸਾਂਝ ਦੀ ਜੋ ਸ਼ੁਰੂਆਤ ਕੀਤੀ ਗਈ ਸੀ, ਨੂੰ ਗੁਰੂ ਅਰਜਨ ਦੇਵ ਜੀ ਨੇ ਇਸ ਦਿਨ ਹੋਰ ਪੱਕਾ ਕੀਤਾ। ਉਨ੍ਹਾਂ ਕਿਹਾ ਕਿ ਸਾਈਂ ਜੀ ਦਾ ਗੁਰੂ ਸਾਹਿਬ ਨਾਲ ਬਹੁਤ ਪਿਆਰ ਸੀ। ਜਦੋਂ ਗੁਰੂ ਸਾਹਿਬ ਨੂੰ ਤੱਤੀ ਤਵੀ 'ਤੇ ਬਿਠਾਇਆ ਗਿਆ ਤਾਂ ਸਾਈਂ ਜੀ ਨੇ ਹਾਅ ਦਾ ਨਾਅਰਾ ਮਾਰਿਆ ਸੀ ਅਤੇ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਵਜਾ ਦੇਣ ਦੀ ਗੱਲ ਕਹੀ ਸੀ।

ਇਸ ਮੌਕੇ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਬੀਤੇ ਸਾਲ ਉਨ੍ਹਾਂ ਇਹ ਦਿਹਾੜਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਨਾਇਆ ਸੀ, ਜਿਸ ਵਿਚ ਭਾਰਤ ਸਮੇਤ ਪੂਰੀ ਦੁਨੀਆ ਤੋਂ ਆਏ ਸਿੱਖ ਸ਼ਾਮਲ ਹੋਏ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਅਗਲੇ ਸਾਲ ਮੁੜ ਇਹ ਦਿਹਾੜਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਹੀ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਨੂੰ ਲੈ ਕੇ ਪੂਰੀ ਦੁਨੀਆ ਠੱਪ ਹੋ ਕੇ ਰਹਿ ਗਈ ਸੀ। ਹੁਣ ਜਦੋਂਕਿ ਪੂਰੀ ਦੁਨੀਆ ਵਿਚ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਸ਼ੁਰੂ ਹਨ ਤਾਂ ਭਾਰਤ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਭਾਈਚਾਰਕ ਸਾਂਝ ਦੇ ਪੁਲ਼ ਨੂੰ ਸ਼ੁਰੂ ਕਰੇ।