ਗੌਰਵ ਜੋਸ਼ੀ/ਅਮਰਜੀਤ ਬੁੱਟਰ, ਰਈਆ/ਖਿਲਚੀਆਂ : ਕੇਂਦਰੀ ਕਾਨੂੰਨਾਂ ਖ਼ਿਲਾਫ਼ ਕੇਂਦਰ ਸਰਕਾਰ ਵਿਰੁੱਧ ਚਲ ਰਹੇ 31 ਜਥੇਬੰਦੀਆਂ ਦੇ ਕਿਸਾਨ ਮੋਰਚੇ ਵੱਲੋਂ ਰੇਲਵੇ ਸਟੇਸ਼ਨ ਬੁਟਾਰੀ 'ਤੇ ਚੱਲ ਰਹੇ ਮੋਰਚੇ ਦੌਰਾਨ ਸ਼ੁੱਕਰਵਾਰ ਰਾਤ ਕਰੀਬ ਡੇਢ ਵਜੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਜੋਗਿੰਦਰ ਸਿੰਘ ਚੀਮਾ ਖੁਰਦ ਦੀ ਮੌਤ ਹੋ ਗਈ। ਮੌਤ ਦਾ ਪਤਾ ਲੱਗਦੇ ਸਾਰ ਜਥੇਬੰਦੀਆਂ ਦੇ ਆਗੂ ਉਥੇ ਪੁੱਜ ਗਏ। ਸੀਟੀਯੂ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਮੰਗਤ ਰਾਮ ਪਾਸਲਾ ਖ਼ਾਸ ਤੌਰ 'ਤੇ ਪੁੱਜੇ ਤੇ ਉਨ੍ਹਾਂ ਵਿਛੜ ਚੁੱਕੇ ਕਿਸਾਨ ਆਗੂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਸਾਨ ਲਹਿਰ ਦਾ ਸ਼ਹੀਦ ਕਰਾਰ ਦਿੱਤਾ। ਇਸ ਮੌਕੇ ਸਰਕਾਰੀ ਧਿਰ ਵੱਲੋਂ ਤਹਿਸੀਲਦਾਰ ਲੱਛਮਣ ਸਿੰਘ ਤੇ ਡੀਐੱਸਪੀ ਹਰਕਿ੍ਸ਼ਨ ਹਰੀਸ਼ ਬਹਿਲ ਦੀ ਹਾਜ਼ਰੀ ਵਿਚ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਗਈ ਜਿਸ ਵਿਚ 5 ਲੱਖ ਰੁਪਏ ਦੀ ਸਹਾਇਤਾ ਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ।

ਇਸ ਮੌਕੇ ਗੁਰਨਾਮ ਸਿੰਘ ਦਾਊਦ, ਪਰਗਟ ਸਿੰਘ ਜਾਮਾਰਾਏ, ਜਸਬੀਰ ਸਿੰਘ ਗੰਡੀਵਿੰਡ, ਜਸਪਾਲ ਸਿੰਘ ਝਬਾਲ, ਪ੍ਰਕਾਸ਼ ਸਿੰਘ ਥੋਥੀਆ, ਹਰਜਿੰਦਰ ਸਿੰਘ ਟਾਂਡਾ, ਗੁਰਭੇਜ ਸਿੰਘ ਸੈਦੋਲੇਲ, ਦਵਿੰਦਰ ਸੋਹਲ, ਡਾਕਟਰ ਸਤਨਾਮ ਸਿੰਘ ਅਜਨਾਲਾ, ਹਰਦੀਪ ਰਸੂਲਪੁਰ, ਬਲਦੇਵ ਸਿੰਘ ਪੰਡੋਰੀ, ਦਲਬੀਰ ਸਿੰਘ ਬਦਾਦਪੁਰ, ਮੰਗਲ ਸਿੰਘ ਖੁਜਾਲਾ, ਹਰਪ੍ਰਰੀਤ ਸਿੰਘ ਬੁਟਾਰੀ, ਨਿਰਪਾਲ ਸਿੰਘ ਜਾਊਣੇਕੇ, ਦਲਜੀਤ ਸਿੰਘ ਦਿਆਲਪੁਰਾ, ਮੁਖ਼ਤਾਰ ਸਿੰਘ ਮੱਲਾ, ਸਾਬਕਾ ਸਰਪੰਚ ਜਸਬੀਰ ਸਿੰਘ ਚੀਮਾ ਖੁਰਦ, ਕਿਸਾਨ ਆਗੂ ਜੋਗਿੰਦਰ ਸਿੰਘ ਦੇ ਪੁੱਤਰ ਮਨਪ੍ਰਰੀਤ ਸਿੰਘ, ਹਰਮਨਦੀਪ ਸਿੰਘ ਚੀਮਾ, ਵਰਿੰਦਰ ਚੀਮਾ, ਦਲਜੀਤ ਸਿੰਘ ਚੀਮਾ, ਕੇਵਲ ਸਿੰਘ ਚੀਮਾ, ਜਗਜੀਤ ਸਿੰਘ, ਗੁਰਬਿੰਦਰ ਸਿੰਘ ਚੀਮਾ, ਗੁਰਬਿੰਦਰ ਸਿੰਘ (ਬਿੰਦਰ ਚੀਮਾ) ਆਦਿ ਹਾਜ਼ਰ ਸਨ।

ਹਰਮਨਦੀਪ ਚੀਮਾ ਦੇ ਚਾਚਾ ਸਨ ਜੋਗਿੰਦਰ ਸਿੰਘ

ਕਿਸਾਨ ਆਗੂ ਜੋਗਿੰਦਰ ਸਿੰਘ 'ਪੰਜਾਬੀ ਜਾਗਰਣ' ਦੇ ਮਾਝਾ ਜ਼ੋਨ ਦੇ ਮਾਰਕੀਟਿੰਗ ਇੰਚਾਰਜ ਹਰਮਨਦੀਪ ਸਿੰਘ ਚੀਮਾ ਦੇ ਚਾਚਾ ਸਨ। ਉਹ ਇਸ ਧਰਨੇ 'ਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਜਥੇ ਨਾਲ ਤੀਜੀ ਵਾਰ ਸ਼ੁੱਕਰਵਾਰ ਨੂੰ ਬੁਟਾਰੀ ਰੇਲਵੇ ਸਟੇਸ਼ਨ 'ਤੇ ਪੁੱਜੇ ਸਨ। ਉਨ੍ਹਾਂ ਨੇ ਸ਼ਨਿੱਚਰਵਾਰ ਬਾਅਦ ਦੁਪਹਿਰ ਪਿੰਡ ਨੂੰ ਵਾਪਸੀ ਕਰਨੀ ਸੀ। ਉਹ ਆਪਣੇ ਪਿੱਛੇ ਵਿਆਹੁਤਾ ਪੁੱਤਰ ਮਨਪ੍ਰਰੀਤ ਸਿੰਘ ਛੱਡ ਗਏ ਹਨ। ਉਨ੍ਹਾਂ ਦੀ ਪਤਨੀ ਦਾ ਬਹੁਤ ਸਮਾਂ ਪਹਿਲਾਂ ਅਕਾਲ ਚਲਾਣਾ ਹੋ ਚੁੱਕਾ ਹੈ।