ਜੇਐੱਨਐੱਨ, ਅਟਾਰੀ (ਅੰਮਿ੍ਤਸਰ) : ਵਾਹਗਾ-ਅਟਾਰੀ ਬਾਰਡਰ ਰਸਤੇ ਮੰਗਲਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੇ 38 ਕਰਮਚਾਰੀ ਪਾਕਿਸਤਾਨ ਤੋਂ ਭਾਰਤ ਪਰਤੇ। ਦੂਜੇ ਪਾਸੇ 143 ਪਾਕਿ ਨਾਗਰਿਕਾਂ ਨੂੰ ਪਾਕਿਸਤਾਨ ਭੇਜਿਆ ਗਿਆ। ਇਹ ਸਾਰੇ ਭਾਰਤ 'ਚ ਕੋਰੋਨਾ ਕਾਰਨ ਲੱਗੇ ਲਾਕ ਡਾਊਨ 'ਚ ਫਸ ਗਏ ਸਨ। ਭਾਰਤ ਸਰਕਾਰ ਵੱਲੋਂ ਸਪੈਸ਼ਲ ਮਨਜ਼ੂਰੀ ਤੋਂ ਬਾਅਦ ਪਾਕਿਸਤਾਨੀ ਨਾਗਰਿਕਾਂ ਦੇ ਵਾਪਸ ਜਾਣ ਲਈ ਮੰਗਲਵਾਰ ਨੂੰ ਅਟਾਰੀ ਸਰਹੱਦ 'ਤੇ ਗੇਟ ਖੋਲ੍ਹੇ ਗਏ ਸਨ। ਇਸ ਦੌਰਾਨ ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨ 'ਚ ਤਾਇਨਾਤ 38 ਲੋਕ ਜ਼ੀਰੋ ਲਾਈਨ ਪਾਰ ਕਰ ਕੇ ਭਾਰਤ ਪੁੱਜੇ। ਸਾਰਿਆਂ ਦੀ ਸਰਹੱਦ 'ਤੇ ਮੈਡੀਕਲ ਸਕ੍ਰੀਨਿੰਗ ਵੀ ਕੀਤੀ ਗਈ। ਇਸ ਤੋਂ ਬਾਅਦ ਉਹ ਸਿੱਧੇ ਦਿੱਲੀ ਲਈ ਰਵਾਨਾ ਹੋ ਗਏ। ਦੂਜੇ ਪਾਸੇ ਵਤਨ ਪਰਤਣ ਲਈ ਪਾਕਿਸਤਾਨੀ ਨਾਗਰਿਕ ਸਵੇਰੇ ਹੀ ਕੌਮਾਂਤਰੀ ਸਰਹੱਦ ਅਟਾਰੀ ਪਹੁੰਚ ਗਏ ਸਨ। ਮੈਡੀਕਲ ਸਕ੍ਰੀਨਿੰਗ ਤੇ ਕਸਟਮ ਚੈਕਿੰਗ ਤੋਂ ਬਾਅਦ ਸ਼ਾਮ ਨੂੰ ਸਾਰੇ 143 ਨਾਗਰਿਕ ਪਾਕਿਸਤਾਨ ਪਰਤ ਗਏ। ਇਨ੍ਹਾਂ 'ਚ ਅੌਰਤਾਂ, ਬੱਚੇ ਤੇ ਬਜ਼ੁਰਗ ਵੀ ਸ਼ਾਮਲ ਸਨ।