ਮਨੋਜ ਕੁਮਾਰ, ਛੇਹਰਟਾ : ਪੁਲਿਸ ਥਾਣਾ ਕੰਟੋਨਮੈਂਟ ਅਧੀਨ ਪੈਂਦੇ ਇਲਾਕੇ 'ਚ ਜੀਟੀ ਰੋਡ 'ਤੇ ਗੁਰੂ ਨਾਨਕ ਵਾੜਾ ਨੇੜੇ ਐਕਟਿਵਾ ਸਵਾਰ ਅੌਰਤ ਦੀ ਟਰੱਕ ਹੇਠਾਂ ਆਉਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਐਕਟਿਵਾ 'ਤੇ ਸਵਾਰ ਦੋ ਅੌਰਤਾਂ ਛੇਹਰਟਾ ਵਾਲੇ ਪਾਸੇ ਤੋਂ ਪੁਤਲੀਘਰ ਨੂੰ ਜਾ ਰਹੀਆਂ ਸਨ। ਇਸ ਦੌਰਾਨ ਇਕ ਟਰੱਕ ਦੀ ਫੇਟ ਲੱਗਣ ਨਾਲ ਐਕਟਿਵਾ ਦਾ ਸੰਤੁਲਨ ਵਿਗੜਨ ਤੇ ਸੜਕ 'ਤੇ ਪਏ ਖੱਡੇ ਕਾਰਨ ਦੋਵੇਂ ਅੌਰਤਾਂ ਹੇਠਾਂ ਡਿੱਗ ਪਈਆਂ। ਇਨ੍ਹਾਂ 'ਚੋਂ ਇਕ ਅੌਰਤ ਟਰੱਕ ਦੇ ਹੇਠਾਂ ਆ ਗਈ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਥਾਣਾ ਕੰਟੋਨਮੈਂਟ ਵੱਲੋਂ ਏਐੱਸਆਈ ਜਸਵੀਰ ਸਿੰਘ ਸਾਥੀ ਮੁਲਾਜ਼ਮਾਂ ਨਾਲ ਘਟਨਾ ਵਾਲੀ ਥਾਂ 'ਤੇ ਪੁੱਜੇ ਅਤੇ ਟਰੱਕ ਤੇ ਐਕਟਿਵਾ ਨੂੰ ਕਬਜ਼ੇ 'ਚ ਲੈ ਲਿਆ। ਸੂਚਨਾ ਮਿਲਦੇ ਹੀ ਮਿ੍ਤਕ ਅੌਰਤ ਦੇ ਪਰਿਵਾਰਕ ਮੈਂਬਰ ਵੀ ਮੌਕੇ 'ਤੇ ਪੁੱਜ ਗਏ ਅਤੇ ਪੁਲਿਸ ਨੇ ਮਿ੍ਤਕ ਅੌਰਤ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਮਿ੍ਤਕ ਅੌਰਤ ਦੀ ਪਛਾਣ ਪਰਮਿੰਦਰ ਕੌਰ (32) ਪਤਨੀ ਪ੍ਰਭਜੀਤ ਸਿੰਘ ਵਾਸੀ ਗਲੀ ਤਾਰਾ ਸਿੰਘ, ਆਜ਼ਾਦ ਰੋਡ ਛੇਹਰਟਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਟਰੱਕ ਚਾਲਕ ਨੂੰ ਟਰੱਕ ਸਮੇਤ ਕਾਬੂ ਲਿਆ ਗਿਆ ਹੈ। ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।