ਜੇਐੱਨਐੱਨ, ਅਜਨਾਲਾ (ਅੰਮਿ੍ਤਸਰ) : ਭਾਰਤ-ਪਾਕਿ ਸਰਹੱਦ ਅਟਾਰੀ 'ਤੇ ਬਾਰਡਰ ਸਕਿਓਰਿਟੀ ਫੋਰਸ (ਬੀਐੱਸਐੱਫ) ਨੇ ਪਾਕਿਸਤਾਨ ਦੇ ਸਮੱਗਲਰਾਂ ਦੀ ਹੈਰੋਇਨ ਸਮੱਗਲਿੰਗ ਦੀ ਵੱਡੀ ਕੋਸ਼ਿਸ਼ ਨੂੰ ਅਸਫ਼ਲ ਕੀਤਾ ਹੈ। ਲੋਪੋਕੇ ਸਰਹੱਦ 'ਤੇ ਬੀਐੱਸਐੱਫ ਨੇ ਤਲਾਸ਼ੀ ਮੁਹਿੰਮ ਚਲਾ ਕੇ ਹੈਰੋਇਨ ਦੇ 12 ਪੈਕੇਟ ਬਰਾਮਦ ਕੀਤੇ ਹਨ। ਪਾਕਿਸਤਾਨੀ ਸਮੱਗਲਰਾਂ ਵੱਲੋਂ ਹੈਰੋਇਨ ਦੇ ਨਾਲ ਹਥਿਆਰ ਭੇਜਣ ਦੀ ਸੰਭਾਵਨਾ ਨੂੰ ਵੇਖਦੇ ਹੋਏ ਬੀਐੱਸਐੱਫ ਦੇ ਜਵਾਨ ਦੇਰ ਸ਼ਾਮ ਤਕ ਜਾਂਚ ਕਰਦੇ ਰਹੇ। ਹੈੱਡ ਕੁਆਰਟਰ ਪੰਜਾਬ ਫਰੰਟੀਅਰ ਬੀਐੱਸਐੱਫ, ਜਲੰਧਰ ਦੇ ਆਈਜੀ ਮਹੀਪਾਲ ਯਾਦਵ ਨੇ ਅੱਜ ਇੱਥੇ ਪਾਕਿਸਤਾਨੀ ਸਮੱਗਲਰਾਂ ਦੀ ਇਸ ਕਰਤੂਤ ਦਾ ਖ਼ੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ 88 ਬਟਾਲੀਅਨ ਦੇ ਅਧਿਕਾਰੀ ਤੇ ਜਵਾਨ ਅੱਜ ਸਵੇੇਰੇ ਲੋਪੋਕੇ ਸਰਹੱਦ 'ਤੇ ਗਸ਼ਤ ਕਰ ਰਹੇ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਪਾਕਿਸਤਾਨ ਵੱਲੋਂ ਕੁਝ ਲੋਕਾਂ ਨੂੰ ਭਾਰਤੀ ਸਰਹੱਦ 'ਚ ਕੁਝ ਸੁਟਦੇ ਹੋਏ ਦੇਖਿਆ। ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ ਪਰ ਉਹ ਪਾਈਪ ਸੁੱਟ ਕੇ ਪਿੱਛੇ ਵੱਲ ਭੱਜ ਗਏ। ਬੀਐੱਸਐੱਫ ਨੇ ਤੁਰੰਤ ਇਲਾਕੇ 'ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਇਸ ਦੌਰਾਨ ਜਵਾਨਾਂ ਨੇ 13 ਫੁੱਟ ਲੰਮੀ ਇਕ ਪਲਾਸਟਿਕ ਦੀ ਪਾਈਪ ਬਰਾਮਦ ਕੀਤੀ, ਜਿਸ ਅੰਦਰ ਹੈਰੋਇਨ ਦੇ 12 ਪੈਕੇਟ ਮਿਲੇ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ। ਹੈਰੋਇਨ ਦੀ ਮਾਤਰਾ 12 ਕਿੱਲੋ ਦੱਸੀ ਜਾ ਰਹੀ ਹੈ।