ਜੇਐੱਨਐੱਨ, ਵੇਰਕਾ (ਅੰਮਿ੍ਤਸਰ) : ਪੁਲਿਸ ਨੇ ਬੁੱਧਵਾਰ ਨੂੰ ਜੰਮੂ-ਕਸ਼ਮੀਰ 'ਚੋਂ ਹੈਰੋਇਨ ਮੰਗਵਾਉਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਦਕਿ ਉਨ੍ਹਾਂ ਦਾ ਇਕ ਸਾਥੀ ਫ਼ਰਾਰ ਹੋ ਗਿਆ। ਮੁਲਜ਼ਮ ਟਰੱਕ ਤੇ ਇਕ ਕਾਰ 'ਚ ਸਵਾਰ ਹੋ ਕੇ ਹੈਰੋਇਨ ਲੈਣ ਜੰਮੂ ਜਾ ਰਹੇ ਸਨ। ਉਨ੍ਹਾਂ ਦੇ ਕਬਜ਼ੇ 'ਚੋਂ 22.50 ਲੱਖ ਰੁਪਏ ਦੀ ਡਰੱਗ ਮਨੀ, ਇਕ ਟਰੱਕ, ਦੋ ਕਾਰਾਂ ਬਰਾਮਦ ਕਰ ਕੇ ਪੁਲਿਸ ਨੇ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਨੇ ਸ਼ੱਕ ਪ੍ਰਗਟਾਇਆ ਹੈ ਕਿ ਮੁਲਜ਼ਮਾਂ ਕੋਲੋਂ ਫੜਿਆ ਗਿਆ ਟਰੱਕ ਚੋਰੀ ਦਾ ਹੈ। ਇਸ ਦੀ ਪੁਲਿਸ ਵੱਖ ਤੋਂ ਜਾਂਚ ਕਰ ਰਹੀ ਹੈ।

ਵੇਰਕਾ ਥਾਣੇ ਦੇ ਮੁਖੀ ਇੰਸਪੈਕਟਰ ਨਿਸ਼ਾਨ ਸਿੰਘ ਅਨੁਸਾਰ ਮੁਲਜ਼ਮਾਂ 'ਚ ਤਰਨਤਾਰਨ ਜ਼ਿਲ੍ਹੇ ਦੇ ਨੌਸ਼ਹਿਰਾ ਢਾਲਾ ਪਿੰਡ ਦਾ ਸਵਿੰਦਰ ਪਾਲ ਸਿੰਘ ਸ਼ਿੰਦ, ਪਤੀ ਬਲੋਲ ਪਿੰਡ ਦਾ ਜਗਦੀਪ ਸਿੰਘ ਕਾਕਾ, ਲੋਹਾਰਕਾ ਕਲਾਂ ਦਾ ਕਰਮਜੀਤ ਸਿੰਘ ਮਾਨਾ, ਚਾਚੋਵਾਲੀ ਪਿੰਡ ਦਾ ਪਰਮਜੀਤ ਸਿੰਘ ਪੰਮਾ, ਨਵਾਂ ਪਿੰਡ ਦਾ ਰਾਜਵਿੰਦਰ ਸਿੰਘ ਰਾਜੂ ਸ਼ਾਮਲ ਹਨ। ਪਿੰਡ ਸ਼ਹੀਦ ਦਾ ਧਰਮਿੰਦਰ ਸਿੰਘ ਪੁਲਿਸ ਨੂੰ ਝਾਂਸਾ ਦੇ ਕੇ ਫ਼ਰਾਰ ਹੋ ਗਿਆ।

ਮੁਲਜ਼ਮਾਂ ਨੇ ਪੁੱਛਗਿੱਛ 'ਚ ਦੱਸਿਆ ਕਿ ਉਹ ਜੰਮੂ-ਕਸ਼ਮੀਰ ਦੇ ਸਮੱਗਲਰਾਂ ਦੇ ਸੰਪਰਕ 'ਚ ਸਨ। ਪੁਲਿਸ ਹੁਣ ਇਹ ਪਤਾ ਲਾਉਣ 'ਚ ਜੁਟੀ ਹੈ ਕਿ ਕਿਤੇ ਫੜੇ ਗਏ ਮੁਲਜ਼ਮ ਜੰਮੂ-ਕਸ਼ਮੀਰ ਦੇ ਅੱਤਵਾਦੀਆਂ ਦੇ ਸੰਪਰਕ 'ਚ ਤਾਂ ਨਹੀਂ ਸਨ। ਅਦਾਲਤ ਨੇ ਸਾਰਿਆਂ ਨੂੰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਫਰਾਰ ਧਰਮਿੰਦਰ ਸਿੰਘ ਦੇ ਪਿਤਾ ਮਹਿਲ ਸਿੰਘ ਤੇ ਚਾਚਾ ਟਹਿਲ ਸਿੰਘ ਖ਼ਿਲਾਫ਼ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਧਰਮਿੰਦਰ ਦੀ ਗਿ੍ਫ਼ਤਾਰੀ ਲਈ ਛਾਪੇ ਮਾਰੇ ਜਾ ਰਹੇ ਹਨ। ਜੰਮੂ ਦੇ ਸਮੱਗਲਰਾਂ ਦੇ ਰਾਜ਼ ਧਰਮਿੰਦਰ ਕੋਲ ਹਨ।