ਰਮੇਸ਼ ਰਾਮਪੁਰਾ, ਅੰਮਿ੍ਤਸਰ : ਠਾਕੁਰ ਸਿੰਘ ਆਰਟ ਗੈਲਰੀ ਵਿਖੇ ਚੱਲ ਰਹੀ ਸੂਬਾ ਪੱਧਰੀ ਕਲਾ ਪ੍ਰਦਰਸ਼ਨੀ ਦੇਖਣ ਲਈ ਕਲਾ ਪ੍ਰੇਮੀਆਂ ਵੱਲੋਂ ਵੱਡਾ ਉਤਸ਼ਾਹ ਦਿਖਾਇਆ ਜਾ ਰਿਹਾ ਹੈ। ਕੋਵਿਡ-19 ਨੂੰ ਮੁੱਖ ਰੱਖ ਕੇ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਰਟ ਗੈਲਰੀ ਦੀ ਪ੍ਰਬੰਧਕੀ ਟੀਮ ਵੱਲੋਂ ਪ੍ਰਦਰਸ਼ਨੀ ਵੇਖਣ ਆਉਣ ਵਾਲੇ ਹਰ ਕਲਾ ਪ੍ਰਰੇਮੀ ਨੂੰ ਸਰੀਰਕ ਦੂਰੀ ਬਣਾਈ ਰੱਖਣ ਤੇ ਮਾਸਕ ਪਹਿਨਣ ਦੀ ਹਦਾਇਤ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਇਸ ਸੂਬਾ ਪੱਧਰੀ ਕਲਾ ਪ੍ਰਦਰਸ਼ਨੀ ਵਿਚ ਪੰਜਾਬ ਦੇ 145 ਕਲਾਕਾਰਾਂ ਵੱਲੋਂ ਤਿਆਰ ਕੀਤੀਆਂ ਗਈਆਂ 147 ਕਲਾ ਕਿਰਤੀਆਂ ਨੂੰ ਨੇੜਿਓਂ ਹੋ ਕੇ ਨਿਹਾਰਣ ਲਈ ਕਲਾ ਪ੍ਰੇਮੀਆਂ ਤੋਂ ਇਲਾਵਾ ਕਲਾ ਖੇਤਰ ਨਾਲ ਸਬੰਧਤ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।

ਪ੍ਰਦਰਸ਼ਨੀ ਵੇਖਣ ਆਏ ਮਨਰਾਜ ਸਿੰਘ, ਸ਼ੈਲੀ ਬਾਜਵਾ, ਦਪਿੰਦਰ ਕੌਰ, ਮਾਨਸ਼ੀ ਵਰਮਾ ਅਤੇ ਹਰਲੀਨ ਕੌਰ ਨੇ ਕਿਹਾ ਕਿ ਪ੍ਰਦਰਸ਼ਨੀ ਵਿਚ ਲੱਗੀਆਂ ਸਾਰੀਆਂ ਹੀ ਕਲਾ ਕਿ੍ਤੀਆਂ ਵੇਖਣਯੋਗ ਹਨ। ਇਸ ਕਲਾ ਪ੍ਰਦਰਸ਼ਨੀ ਵਿਚ ਚਿੱਤਰਕਾਰੀ, ਫੋਟੋਗ੍ਰਾਫੀ ਅਤੇ ਗ੍ਰਾਫਿਕਸ ਆਰਟ ਨਾਲ ਸਬੰਧਤ ਕਲਾ ਦੇ ਨਮੂਨੇ ਆਰਟ ਗੈਲਰੀ ਦਾ ਸ਼ਿੰਗਾਰ ਬਣੇ ਹੋਏ ਹਨ।

ਸੱਤਵੀਂ ਸੂਬਾ ਪੱਧਰੀ ਕਲਾ ਪ੍ਰਦਰਸ਼ਨੀ ਦੇ ਕਨਵੀਨਰ ਪ੍ਰਸਿੱਧ ਬੁੱਤਤਰਾਸ਼ ਨਰਿੰਦਰ ਸਿੰਘ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਨੂੰ ਦੇਖਣ ਲਈ ਦਰਸ਼ਕਾਂ ਵੱਲੋਂ ਵੱਡਾ ਹੁੰਗਾਰਾ ਭਰਿਆ ਜਾ ਰਿਹਾ ਹੈ ਅਤੇ 5 ਦਸੰਬਰ ਤਕ ਦਰਸ਼ਕ ਇਸ ਕਲਾ ਪ੍ਰਦਰਸ਼ਨੀ ਦਾ ਆਨੰਦ ਮਾਣ ਸਕਦੇ ਹਨ। ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਅਤੇ ਸੈਕਟਰੀ ਡਾ. ਏਐੱਸ ਚਮਕ ਦਾ ਕਹਿਣਾ ਹੈ ਕਿ ਵੱਡੇ ਪੱਧਰ ਦੀ ਇਸ ਕਲਾ ਪ੍ਰਦਰਸ਼ਨੀ ਨੂੰ ਦਰਸ਼ਕਾਂ ਦੇ ਰੂ-ਬਰੂ ਕਰਨ ਲਈ ਗੈਲਰੀ ਦੇ ਚੇਅਰਮੈਨ ਰਾਜਿੰਦਰ ਮੋਹਨ ਸਿੰਘ ਛੀਨਾ ਅਤੇ ਸਮੂਹ ਪ੍ਰਬੰਧਕੀ ਟੀਮ ਵੱਲੋਂ ਵਡਮੁੱਲਾ ਯੋਗਦਾਨ ਪਾਇਆ ਗਿਆ ਹੈ।