ਜੇਐੱਨਐੱਨ, ਅੰਮਿ੍ਤਸਰ : ਬੁਤਾਲਾ ਪਿੰਡ ਦੇ ਦਾਨਿਸ਼ 'ਤੇ ਰਾਜਸਥਾਨ ਵਾਸੀ ਪ੍ਰੇਮਿਕਾ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਣ ਤੇ ਫਿਰ ਵਿਆਹ ਤੋਂ ਮੁਕਰਨ ਦਾ ਦੋਸ਼ ਹੈ। ਇਸ ਮਾਮਲੇ 'ਚ ਰਾਜਸਥਾਨ ਪੁਲਿਸ ਨੇ ਜਬਰ ਜਨਾਹ ਦੇ ਦੋਸ਼ ਵਿਚ ਦਰਜ ਕੀਤੀ ਗਈ ਜ਼ੀਰੋ ਐੱਫਆਈਆਰ 'ਤੇ ਕਾਰਵਾਈ ਕਰਨ ਲਈ ਰਣਜੀਤ ਐਵੀਨਿਊ ਪੁਲਿਸ ਨੂੰ ਸ਼ਿਕਾਇਤ ਭੇਜੀ ਹੈ। ਪੀੜਤਾ ਨੇ ਰਾਜਸਥਾਨ ਪੁੱਜ ਕੇ ਪਰਿਵਾਰ ਤੇ ਪੁਲਿਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਸੀ। ਰਣਜੀਤ ਐਵੀਨਿਊ ਥਾਣੇ ਦੇ ਮੁਖੀ ਰੋਬਿਨ ਹੰਸ ਨੇ ਦੱਸਿਆ ਕਿ ਮੁਲਜ਼ਮ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਰਾਜਸਥਾਨ ਵਾਸੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ 'ਚ ਦੱਸਿਆ ਕਿ ਕੁਝ ਸਾਲ ਪਹਿਲਾਂ ਉਸ ਦੀ ਮੁਲਾਕਾਤ ਦਾਨਿਸ਼ ਨਾਂ ਦੇ ਨੌਜਵਾਨ ਨਾਲ ਸੋਸ਼ਲ ਸਾਈਟ 'ਤੇ ਹੋਈ ਸੀ। ਦੋਹਾਂ ਨੂੰ ਕਈ ਦਿਨ ਗੱਲਬਾਤ ਕਰਨ 'ਤੇ ਇਕ-ਦੂਜੇ ਨਾਲ ਪਿਆਰ ਹੋ ਗਿਆ। ਦਾਨਿਸ਼ ਨੇ ਉਸ ਨਾਲ ਵਿਆਹ ਕਰਵਾਉਣਾ ਲਈ ਕਿਹਾ। ਉਹ ਗੱਲਾਂ ਵਿਚ ਆ ਗਈ ਤੇ ਦਾਨਿਸ਼ ਨੇ ਉਸ ਨੂੰ 26 ਜੁਲਾਈ 2019 ਨੂੰ ਤਿੰਨ ਦਿਨ ਲਈ ਅੰਮਿ੍ਤਸਰ ਦੇ ਰਣਜੀਤ ਐਵੀਨਿਊ ਸਥਿਤ ਇਕ ਹੋਟਲ ਵਿਚ ਬੁਲਾਇਆ। ਇਸ ਤੋਂ ਬਾਅਦ 30 ਦਸੰਬਰ 2019 ਨੂੰ ਮੁੜ ਅੰਮਿ੍ਤਸਰ ਦੇ ਇਕ ਹੋਟਲ ਵਿਚ ਠਹਿਰਾਇਆ। ਮੁਲਜ਼ਮ ਨੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾ ਲਏ। ਹੁਣ ਦਾਨਿਸ਼ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਨੂੰ ਜਦੋਂ ਉਸ ਨੇ ਇਸ ਬਾਰੇ ਦੱਸਿਆ ਤਾਂ ਸਾਰੇ ਮੈਂਬਰਾਂ ਨੇ ਮਿਲ ਕੇ ਰਾਜਸਥਾਨ ਪੁਲਿਸ ਨੂੰ ਇਸ ਬਾਰੇ ਵਿਚ ਸ਼ਿਕਾਇਤ ਕੀਤੀ।