ਮਨੋਜ ਕੁਮਾਰ, ਅੰਮਿ੍ਤਸਰ : ਥਾਣਾ ਜੰਡਿਆਲਾ ਗੁਰੂ ਅਧੀਨ ਪੈਂਦੇ ਇਲਾਕੇ 'ਚ ਹਥਿਆਰਬੰਦ ਲੁਟੇਰਿਆਂ ਨੇ ਇਕ ਰੈਸਟੋਰੈਂਟ ਤੋਂ 16,500 ਰੁਪਏ ਲੁੱਟ ਲਏ। ਥਾਣਾ ਜੰਡਿਆਲਾ ਗੁਰੂ 'ਚ ਦਰਜ ਕਰਵਾਏ ਬਿਆਨਾਂ 'ਚ ਦਮਨਜੀਤ ਸਿੰਘ ਵਾਸੀ ਵਿਜੇ ਨਗਰ ਬਟਾਲਾ ਰੋਡ, ਅੰਮਿ੍ਤਸਰ ਨੇ ਦੱਸਿਆ ਕਿ ਉਨ੍ਹਾਂ ਨੇ ਨੈਸ਼ਨਲ ਹਾਈਵੇ-54 'ਤੇ ਰੈਸਟੋਰੈਟ ਖੋਲਿ੍ਹਆ ਹੋਇਆ ਹੈ। ਉਹ ਆਪਣੇ ਰੈਸਟੋਰੈਂਟ 'ਤੇ 16 ਅਪ੍ਰਰੈਲ ਨੂੰ ਰਾਤ 9 ਵਜੇ ਦੇ ਕਰੀਬ ਕਾਊਂਟਰ 'ਤੇ ਬੈਠ ਕੇ ਹਿਸਾਬ-ਕਿਤਾਬ ਕਰ ਰਹੇ ਸਨ ਕਿ ਅਚਾਨਕ ਦੋ ਨਕਾਬਪੋਸ਼ ਨੌਜਵਾਨ ਪੁੱਜੇ, ਜਿਨ੍ਹਾਂ 'ਚੋਂ ਇਕ ਨੌਜਵਾਨ ਨੇ ਉਨ੍ਹਾਂ 'ਤੇ ਪਿਸਤੌਲ ਤਾਣ ਲਿਆ ਤੇ ਦੂਜੇ ਨੇ ਪੈਸਿਆਂ ਵਾਲਾ ਕਾਊਂਟਰ ਖੋਲ੍ਹਣ ਲਈ ਕਿਹਾ। ਉਨ੍ਹਾਂ ਨੇ ਡਰਦੇ ਮਾਰੇ ਕਾਊਂਟਰ ਖੋਲ੍ਹ ਦਿੱਤਾ। ਇਸ 'ਤੇ ਉਸ ਨੌਜਵਾਨ ਨੇ ਕਾਊਂਟਰ ਵਿਚੋਂ 16,500 ਰੁਪਏ ਕੱਢ ਲਏ। ਇਸ ਤੋਂ ਬਾਅਦ ਉਹ ਦੋਵੋਂ ਧਮਕੀਆਂ ਦਿੰਦੇ ਬਾਹਰ ਨਿਕਲ ਗਏ। ਜਦੋਂ ਉਹ ਉਕਤ ਨੌਜਵਾਨਾਂ ਦਾ ਪਿੱਛਾ ਕਰਨ ਲਈ ਬਾਹਰ ਨਿਕਲਣ ਲੱਗੇ ਤਾਂ ਤੀਜਾ ਨੌਜਵਾਨ ਹੱਥ ਵਿਚ ਪਿਸਤੌਲ ਫੜੀ ਰੈਸਟੋਰੈਂਟ ਅੱਗੇ ਖੜ੍ਹਾ ਸੀ। ਉਸ ਨੇ ਵੀ ਆਪਣਾ ਮੂੰਹ ਕੱਪੜੇ ਨਾਲ ਢਕਿਆ ਹੋਇਆ ਸੀ। ਇਹ ਤਿੰਨੇ ਨੌਜਵਾਨ ਸੜਕ ਪਾਰ ਕਰ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਤਰਨ ਤਾਰਨ ਵਾਲੇ ਪਾਸੇ ਫ਼ਰਾਰ ਹੋ ਗਏ।