ਅੰਮ੍ਰਿਤਸਰ : ਸੀਆਈਏ ਸਟਾਫ਼ ਨੇ ਐਤਵਾਰ ਦੇਰ ਰਾਤ ਬੀ ਡਿਵੀਜ਼ਨ ਥਾਣਾ ਤਹਿਤ ਪੈਂਦੇ ਭੂਸ਼ਣਪੁਰਾ ’ਚ ਛਾਪੇਮਾਰੀ ਕਰ ਕੇ ਜੂਆ ਖੇਡ ਰਹੇ 12 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੌਕੇ ਤੋਂ 10 ਲੱਖ ਦੀ ਨਕਦੀ ਬਰਾਮਦ ਕੀਤੀ ਗਈ ਹੈ। ਸੂਚਨਾ ਹੈ ਕਿ ਮੁਲਜ਼ਮਾਂ ਦੇ ਕਬਜ਼ੇ ’ਚੋਂ ਪੁਲਿਸ ਨੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।

ਏਸੀਪੀ ਹਰਮਿੰਦਰ ਸਿੰਘ ਨੇ ਦੱਸਿਆ ਕਿ ਐੱਫਆਈਆਰ ਨੂੰ ਲੈ ਕੇ ਅਜੇ ਕਾਰਵਾਹੀ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਹੋਣ ਤੋਂ ਬਾਅਦ ਪੁਲਿਸ ਮੁਲਜ਼ਮਾਂ ਦੇ ਨਾਵਾਂ ਦਾ ਖ਼ੁਲਾਸਾ ਕਰੇਗੀ। ਜਾਣਕਾਰੀ ਅਨੁਸਾਰ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਨੂੰ ਸੂਚਨਾ ਮਿਲੀ ਸੀ ਕਿ ਕੁਝ ਪੁਰਾਣੇ ਜੁਆਰੀ ਭੂਸ਼ਣਪੁਰਾ ਇਲਾਕੇ ’ਚ ਇਕ ਕੋਠੀ ’ਚ ਜੂਏ ਦਾ ਅੱਡਾ ਚਲਾ ਰਹੇ ਹਨ। ਸੀਪੀ ਦੇ ਆਦੇਸ਼ ’ਤੇ ਸੀਆਈਏ ਸਟਾਫ਼ ਦੇ ਇੰਸਪੈਕਟਰ ਇੰਦਰਜੀਤ ਸਿੰਘ ਨੇ ਕੋਠੀ ’ਤੇ ਛਾਪਾ ਮਾਰਿਆ।

ਰੰਗੇਂ ਹੱਥੀਂ 12 ਮੁਲਜ਼ਮਾਂ ਨੂੰ ਜੂਆ ਖੇਡਦੇ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਕਬਜ਼ੇ ’ਚੋਂ 10 ਲੱਖ ਰੁਪਏ ਬਰਾਮਦ ਕੀਤੇ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ 9 ਵਜੇ ਤਕ ਰੁਪਏ ਗਿਣਨ ਦਾ ਸਿਲਸਿਲਾ ਜਾਰੀ ਸੀ। ਫੜੇ ਗਏ ਮੁਲਜ਼ਮਾਂ ਦੇ ਕਬਜ਼ੇ ’ਚੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ। ਜਦੋਂ ਪੁਲਿਸ ਮੁਲਜ਼ਮਾਂ ਨੂੰ ਫੜ ਕੇ ਥਾਣੇ ਲਿਜਾਣ ਲੱਗੀ ਤਾਂ ਮੁਲਜ਼ਮਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਆਪਣੇ ਆਕਾ ਦਾ ਨਾਂ ਲੈ ਕੇ ਧਮਕਾਉਣਾ ਸ਼ੁਰੂ ਕਰ ਦਿੱਤਾ। ਪਰ ਸਿੱਧੇ ਸੀਪੀ ਦਫ਼ਤਰ ਤੋਂ ਹੋਈ ਕਾਰਵਾਈ ਦੇ ਸਾਹਮਣੇ ਮੁਲਜ਼ਮਾਂ ਦੀ ਇਕ ਨਹੀਂ ਚੱਲੀ।

Posted By: Jagjit Singh