ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਲੰਮੇ ਅਰਸੇ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਸਬੰਧੀ ਸਾਂਝੇ ਪੰਥਕ ਯਤਨਾਂ ਲਈ ਬਣੀ ਕਮੇਟੀ ਦੀ ਪਲੇਠੀ ਇਕੱਤਰਤਾ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਹੋਈ। ਕਮੇਟੀ ਵਿਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਵੱਲੋਂ ਜਸਕਰਨ ਸਿੰਘ ਕਾਹਨਸਿੰਘ ਵਾਲਾ ਜਰਨਲ ਸਕੱਤਰ, ਸੰਤ ਸਮਾਜ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਨਿਹੰਗ ਸਿੰਘ ਜਥੇਬੰਦੀਆਂ ’ਚੋਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ, ਤਖ਼ਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇਡ਼ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਵੱਲੋਂ ਸੀਨੀਅਰ ਮੀਤ ਪ੍ਰਧਾਨ ਪਰਮਜੋਤ ਸਿੰਘ ਚਾਹਲ ਅਤੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਮੌਜੂਦ ਸਨ।

ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗਿਆਰਾਂ ਮੈਂਬਰੀ ਕਮੇਟੀ ਬੰਦੀ ਸਿੰਘਾਂ ਦੀ ਰਿਹਾਈ ਕਰਵਾਉਣ ਵਿਚ ਸਫਲ ਹੋਵੇਗੀ। 15 ਦਿਨਾਂ ਦੇ ਅੰਦਰ ਬੰਦੀ ਸਿੰਘਾਂ ਦਾ ਡਾਟਾ ਤਿਆਰ ਕੀਤਾ ਜਾਵੇਗਾ ਜਿਸ ਨੂੰ ਲੈ ਕੇ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਰੱਖਣਗੇ, ਜਿਸ ਤੋਂ ਬਾਅਦ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅੱਗੇ ਵੀ ਇਹ ਡਾਟਾ ਰੱਖਿਆ ਜਾਵੇਗਾ। ਜਿਹਡ਼ੇ ਸੂਬਿਆਂ ਦੀਆਂ ਜੇਲ੍ਹਾਂ ਵਿਚ ਬੰਦੀ ਸਿੰਘ ਕੈਦ ਹਨ, ਉਥੋਂ ਦੇ ਮੁੱਖ ਮੰਤਰੀਆਂ ਅੱਗੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੰਗ ਰੱਖੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ, ਲੋਡ਼ ਪੈਣ ’ਤੇ ਵਕੀਲ, ਜੱਜ ਅਤੇ ਸਾਬਕਾ ਜੱਜ ਦੀਆਂ ਸਬ-ਕਮੇਟੀਆਂ ਬਣਾ ਕੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਕੋਈ ਵੀ ਕਸਰ ਨਹੀਂ ਛੱਡੀ ਜਾਵੇਗੀ। ਇਸ ਦੇ ਨਾਲ ਹੀ ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨਾਲ ਵੀ ਰਾਜਾਂ ਦੇ ਅਧਿਕਾਰ ਵਾਲੇ ਸਿੰਘਾਂ ਦੀ ਰਿਹਾਈ ਦੇ ਫ਼ੈਸਲੇ ਤੁਰੰਤ ਕਰਨ ਲਈ ਮੁਲਾਕਾਤ ਕੀਤੀ ਜਾਵੇਗੀ।

ਐਡਵੋਕੇਟ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਫ਼ੈਸਲਾ ਕੀਤਾ ਹੈ ਅਤੇ ਮੁੱਢਲੇ ਤੌਰ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਜਲਦ ਮੁਲਾਕਾਤ ਕੀਤੀ ਜਾਵੇਗੀ। ਯਤਨ ਹੋਵੇਗਾ ਕਿ ਇਹ ਮੁਲਾਕਾਤ 15 ਦਿਨਾਂ ਦੇ ਅੰਦਰ-ਅੰਦਰ ਹੋ ਸਕੇ। ਇਸ ਦੇ ਨਾਲ ਹੀ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਗੁਰਦੀਪ ਸਿੰਘ ਖੈਡ਼ਾ ਜਿਨ੍ਹਾਂ ਦੀ ਰਿਹਾਈ ਵਿਚ ਦੋ ਸੂਬਿਆਂ ਦੀਆਂ ਸਰਕਾਰਾਂ ਅਡ਼ਿੱਕਾ ਬਣੀਆਂ ਹੋਈਆਂ ਹਨ, ਨੂੰ ਲੈ ਕੇ ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਵੀ ਮਿਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਮੇਟੀ ਦੇ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਸੇਵਾਮੁਕਤ ਜੱਜਾਂ ਦੀ ਸਲਾਹਕਾਰ ਕਮੇਟੀ ਗਠਿਤ ਕਰਨ ਅਤੇ ਸਮੂਹ ਜਥੇਬੰਦੀਆਂ ਦੇ ਵਿਚਾਰ ਲੈਣ ਦਾ ਵੀ ਫ਼ੈਸਲਾ ਹੋਇਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਲੋਡ਼ ਅਨੁਸਾਰ ਇਸ ਕਮੇਟੀ ਦੇ ਅੱਗੇ ਸਬ-ਕਮੇਟੀਆਂ ਵੀ ਗਠਤ ਕੀਤੀਆਂ ਜਾਣਗੀਆਂ। ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਕਿਸੇ ਵੀ ਆਗੂ ਨੂੰ ਮਿਲਣ ਲਈ ਸਾਰੀ ਕਮੇਟੀ ਇਕਜੁਟ ਹੋ ਕੇ ਜਾਵੇਗੀ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਮਿਲਣ ਤੋਂ ਪਹਿਲਾਂ ਸਿੱਖ ਸੰਘਰਸ਼ ਦੇ ਸਮੁੱਚੇ ਬੰਦੀ ਸਿੰਘਾਂ ਬਾਰੇ ਵਿਸਥਾਰਤ ਸੂਚੀ ਤਿਆਰ ਕੀਤੀ ਜਾਵੇਗੀ।

ਧਾਮੀ ਨੇ ਆਖਿਆ ਕਿ ਬੀਤੇ ਸਾਲ ਹੋਲਾ ਮਹੱਲਾ ਮੌਕੇ ਕੋਵਿਡ ਪਾਬੰਦੀਆਂ ਦੌਰਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਨਗਰ ਕੀਰਤਨ ਸਜਾਉਣ ਕਾਰਨ ਜਿਨ੍ਹਾਂ 465 ਸਿੱਖਾਂ ’ਤੇ ਕੇਸ ਦਰਜ ਹੋਏ ਹਨ, ਇਨ੍ਹਾਂ ਦੀ ਪੈਰਵਾਈ ਵੀ ਕੀਤੀ ਜਾਵੇਗੀ। ਇਸ ਮਾਮਲੇ ਨੂੰ ਲੈ ਕੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਤਕ ਪਹੁੰਚ ਕਰਕੇ ਕੇਸ ਖਾਰਜ ਕਰਵਾਉਣ ਲਈ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਜੇ ਰਜੀਵ ਗਾਂਧੀ ਦੇ ਕਾਤਲ ਨੂੰ ਰਿਹਾਅ ਕੀਤਾ ਜਾ ਸਕਦਾ ਹੈ ਤਾਂ ਫਿਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਕੋਈ ਅਡ਼ਚਨ ਨਹੀਂ ਹੋਣੀ ਚਾਹੀਦੀ।

Posted By: Tejinder Thind