ਪੰਜਾਬੀ ਜਾਗਰਣ ਟੀਮ, ਅਟਾਰੀ : ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸ੍ਰੀ ਕਰਤਾਰਪੁਰ ਸਾਹਿਬ ਦੇ ਖੁੱਲੇ ਲਾਂਘੇ ਲਈ ਭਾਰਤ ਤੇ ਪਾਕਿਸਤਾਨ ਦੇ ਵਫ਼ਦ ਨੇ ਅੱਜ ਅਟਾਰੀ ਸਰਹੱਦ 'ਤੇ ਗੱਲਬਾਤ ਕੀਤੀ। ਇਸ ਮੌਕੇ ਸਿੱਖ ਸ਼ਰਧਾਲੂਆਂ ਦੀਆਂ ਇੱਛਾਵਾਂ ਮੁਤਾਬਕ ਬਿਨਾਂ ਵੀਜ਼ਾ ਭਾਰਤੀ ਸ਼ਰਧਾਲੂਆਂ ਦੇ ਪਾਕਿਸਤਾਨ ਜਾਣ ਬਾਰੇ ਦੋਵੇਂ ਪਾਸਿਆਂ ਤੋਂ ਖੁੱਲ ਕੇ ਵਿਚਾਰ-ਵਟਾਂਦਰਾ ਹੋਇਆ।

ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਡੇਰਾ ਬਾਬਾ ਨਾਨਕ ਵਿਚ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦਾ ਨਿਰਮਾਣ ਕਰਨਾ ਹੈ। ਇਸ 'ਸਟੇਟ ਆਫ ਦ ਆਰਟ ਬਿਲਡਿੰਗ' ਨੂੰ ਬਣਾਉਂਣ ਦੀ ਜ਼ਿੰਮੇਵਾਰੀ ਲੈਂਡਪੋਰਟ ਅਥਾਰਟੀ ਆਫ ਇੰਡੀਆ ਨੂੰ ਦਿੱਤੀ ਗਈ ਹੈ ਜੋਕਿ ਦੇਸ਼ ਦੀਆਂ ਜ਼ਮੀਨੀ ਸਰਹੱਦਾਂ 'ਤੇ ਇੰਟੈਗ੍ਰੇਟਿਡ ਚੈੱਕ ਪੋਸਟਾਂ ਨੂੰ ਵਿਕਸਿਤ ਕਰਨ ਅਤੇ ਚਲਾਉਣ ਲਈ ਕੰਮ ਕਰਦੀ ਹੈ।

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਣ ਸਬੰਧੀ ਅੰਤਰਰਾਸ਼ਟਰੀ ਅਟਾਰੀ-ਵਾਹਗਾ ਸਰਹੱਦ 'ਤੇ ਵਪਾਰਕ ਸੌਦੇ ਅਤੇ ਆਵਾਜਾਈ ਸਬੰਧਾਂ ਨੂੰ ਧੜੱਲੇ ਨਾਲ ਚਲਾਉਣ ਵਾਲੀ ਇੰਟੈਗ੍ਰੇਟਿਡ ਚੈੱਕ ਪੋਸਟ ਦੇ ਬੀਐੱਸਐੱਫ ਕਾਨਫਰੰਸ ਹਾਲ ਵਿਖੇ ਅੱਜ ਮੀਟਿੰਗ ਹੋਈ ਜਿਸ ਵਿਚ ਜਾਇੰਟ ਸਕੱਤਰ ਭਾਰਤ ਸਰਕਾਰ ਐੱਸਸੀਐੱਲ ਦਾਸ, ਜਾਇੰਟ ਸਕੱਤਰ ਐੱਮਐੱਚਏ ਮੈਡਮ ਨਿਧੀ ਖਾਰੇ, ਡਾ. ਦੀਪਕ ਮਿੱਤਲ ਜਾਇੰਟ ਸਕੱਤਰ ਐੱਮਈਏ, ਆਈਜੀ ਬੀਐੱਸਐੱਫ ਮਾਹੀਪਾਲ ਯਾਦਵ, ਆਈਜੀ ਅਮਿਤ ਪ੍ਰਸ਼ਾਦ ਪੰਜਾਬ ਪੁਲਿਸ, ਡਾ. ਕਾਜਲ ਭੱਟ ਐੱਲਟੀ, ਡਾ. ਅਰਵਿੰਦ ਕੁਮਾਰ ਆਦਿ ਉੱਚ ਅਫਸਰਾਂ ਅਤੇ ਪਾਕਿ ਤੋਂ ਡਾ. ਮੁਹੰਮਦ ਫੈਸਲ ਡਾਇਰੈਕਟਰ ਜਨਰਲ ਸਾਊਥ ਏਸ਼ੀਆ, ਡਾ. ਫਾਰੇਹਾ ਬੁਗਤੀ ਡਾਇਰੈਕਟਰ ਇੰਡੀਆ ਐੱਮਓਐੱਫਏ, ਮਿਸਟਰ ਦਿਲਸ਼ਾਦ ਅਹਿਮਦ ਬਾਬਰ ਜਾਇੰਟ ਸਕੱਤਰ, ਜਾਵੇਦ ਮੁਨੀਰ ਤਕਨੀਕੀ ਸਲਾਹਕਾਰ ਕਰਤਾਰਪੁਰ ਪ੍ਰਰਾਜੈਕਟ, ਲੈਫਟੀਨੈਂਟ ਕਰਨਲ ਜ਼ਿਲ-ਏ ਹੁਸੈਨ ਪ੍ਰਰਾਜੈਕਟ ਡਿਪਟੀ ਡਾਇਰੈਕਟਰ ਕਰਤਾਰਪੁਰ ਲਾਂਘਾ ਅਤੇ ਬਾਸਿਤ ਮਸੂਦ ਤਕਨੀਕੀ ਸਲਾਹਕਾਰ ਕਰਤਾਰਪੁਰ ਪ੍ਰਰਾਜੈਕਟ ਸਮੇਤ 18 ਉੱਚ ਅਧਿਕਾਰੀਆਂ ਨੇ ਵਿਸ਼ੇਸ਼ ਤੌਰ 'ਤੇ ਪਹੁੰਚ ਕੇ ਹਿੱਸਾ ਲਿਆ ਅਤੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਸਬੰਧੀ ਵਿਚਾਰ-ਵਟਾਂਦਰਾ ਕੀਤਾ।

ਜਾਇੰਟ ਸਕੱਤਰ ਭਾਰਤ ਸਰਕਾਰ ਐੱਸਸੀਐੱਲ ਦਾਸ, ਜਾਇੰਟ ਸਕੱਤਰ ਐੱਮਐੱਚਏ ਮੈਡਮ ਨਿਧੀ ਖਾਰੇ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ 50 ਏਕੜ ਜ਼ਮੀਨ ਦੀ ਸ਼ਨਾਖ਼ਤ ਕੀਤੀ ਹੈ। ਇਹ ਦੋ ਪੜਾਵਾਂ ਵਿਚ ਵਿਕਸਿਤ ਕੀਤੀ ਜਾਵੇਗੀ, ਜਿਸ 'ਤੇ ਯਾਤਰੀ ਟਰਮੀਨਲ ਬਿਲਡਿੰਗ ਕੰਪਲੈਕਸ ਦੀ ਸ਼ਾਨਦਾਰ ਇਮਾਰਤ ਅਤੇ ਖ਼ੂਬਸੂਰਤ ਲੈਂਡਸਕੇਪਿੰਗ ਦੇ ਨਾਲ ਅਮੀਰ ਭਾਰਤੀ ਸੱਭਿਆਰਚਾਰਕ ਕਦਰਾਂ-ਕੀਮਤਾਂ ਦੇ ਆਧਾਰ 'ਤੇ ਬੁੱਤ ਅਤੇ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ। ਕੰਪਲੈਕਸ ਦਾ ਡਿਜ਼ਾਈਨ ਪ੍ਰਤੀਕ 'ਖੰਡਾ' ਦੁਆਰਾ ਪ੍ਰਰੇਰਿਤ ਹੈ ਜੋ ਏਕਤਾ ਅਤੇ ਮਨੁੱਖਤਾ ਦੀਆਂ ਕਦਰਾਂ-ਕੀਮਤਾਂ ਨੂੰ ਦਰਸਾਉਂਦਾ ਹੈ।

ਇਹ ਇਮਾਰਤ ਦਿਵਿਆਂਗ ਅਤੇ ਬਿਰਧ ਵਿਅਕਤੀਆਂ ਦੇ ਆਉਣ-ਜਾਣ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾਵੇਗੀ। ਇਮਾਰਤ ਗੁਰੁਦਆਰਾ ਸ੍ਰੀ ਕਰਤਾਰਪੁਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਕਰਨ ਲਈ ਪ੍ਰਤੀ ਦਿਨ ਜਾਣ ਵਾਲੇ ਲਗਭਗ 5 ਹਜ਼ਾਰ ਸ਼ਰਧਾਲੂਆਂ ਦੀਆਂ ਲੋੜਾਂ ਨੂੰ ਪੂਰਾ ਕਰੇਗੀ ਜਿਸ 'ਚ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਅਰੈਂਸ ਦੀਆਂ ਲੋੜੀਂਦੀਆਂ ਸਹੂਲਤਾਂ ਅਤੇ ਹੋਰ ਸੁਵਿਧਾਵਾਂ ਸ਼ਾਮਲ ਹੋਣਗੀਆਂ। ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਤੋਂ ਇਲਾਵਾ ਹੋਰ ਐਡਵਾਂਸ ਸੁਰੱਖਿਆ ਪ੍ਰਣਾਲੀਆਂ ਦੇ ਨਾਲ ਲੈਸ ਕੀਤਾ ਜਾਵੇਗਾ। ਇਸ ਨੂੰ ਨਵੰਬਰ 2019 ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਯਾਦਗਾਰੀ ਸਮਾਰੋਹ ਤੋਂ ਪਹਿਲਾ ਬਣਾਏ ਜਾਣ ਦੀ ਯੋਜਨਾ ਹੈ।