ਸ਼ਿਵਰਾਜ ਸਿੰਘ ਰਾਜੂ, ਸ੍ਰੀ ਮੁਕਤਸਰ ਸਾਹਿਬ : ਸ਼ਨਿੱਚਰਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਬਠਿੰਡਾ ਸੜਕ 'ਤੇ ਪਿੰਡ ਬੁੱਟਰ ਸਰੀਂਹ ਕੋਲ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ 'ਚ ਵੱਜੀ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਤੇ ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਾਸੀ ਮਨਪ੍ਰੀਤ ਸਿੰਘ (30) ਆਪਣੇ ਦੋ ਗੁਆਂਢੀਆਂ ਤੇ ਦੋ ਰਿਸ਼ਤੇਦਾਰ ਨਾਲ ਆਲਟੋ ਕਾਰ ਰਾਹੀਂ ਦੋਦਾ ਤੋਂ ਆਪਣੇ ਪਿੰਡ ਭਲਾਈਆਣਾ ਵਿਖੇ ਜਾ ਰਹੇ ਸਨ ਕਿ ਅਚਾਨਕ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਕਾਰ ਦਰਖਤ ਵਿਚ ਜਾ ਵੱਜੀ। ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਦੋ ਟੁਕੜੇ ਗਏ। ਇਸ ਟੱਕਰ ਦੌਰਾਨ ਚਾਲਕ ਮਨਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਬਾਕੀ ਕਾਰ ਸਵਾਰ ਜ਼ਖ਼ਮੀ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ 108 ਐਂਬੂਲੈਂਸ ਨੇ ਜ਼ਖ਼ਮੀਆਂ ਜਗਸੀਰ ਸਿੰਘ ਤੇ ਅਭੈ ਕੁਮਾਰ ਵਾਸੀ ਫ਼ਰੀਦਕੋਟ, ਜਗਸੀਰ ਸਿੰਘ ਵਾਸੀ ਭਲਾਈਆਣਾ ਨੂੰ ਸਿਵਲ ਹਸਪਤਾਲ ਗਿੱਦੜਬਾਹਾ ਵਿਖੇ ਭਰਤੀ ਕਰਾਇਆ ਪਰ ਡਾਕਟਰਾਂ ਨੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਬਠਿੰਡਾ ਵਿਖੇ ਰੈਫ਼ਰ ਕਰ ਦਿੱਤਾ। ਬਠਿੰਡਾ ਦੇ ਨਿੱਜੀ ਹਸਪਤਾਲ ਵਿਖੇ ਇਲਾਜ ਦੌਰਾਨ ਜ਼ਖ਼ਮੀ ਨੌਜਵਾਨ ਜਗਸੀਰ ਸਿੰਘ (23) ਵਾਸੀ ਪਿੰਡ ਭਲਾਈਆਣਾ ਦੀ ਮੌਤ ਹੋ ਗਈ। ਸਿਵਲ ਹਸਪਤਾਲ ਬਠਿੰਡਾ ਵਿਖੇ ਜ਼ੇਰੇ ਇਲਾਜ ਜ਼ਖ਼ਮੀ ਜਗਸੀਰ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਮੈਡੀਕਲ ਕਾਲਜ ਫ਼ਰੀਦਕੋਟ ਰੈਫ਼ਰ ਕਰ ਦਿੱਤਾ, ਜਦੋਂਕਿ ਅਭੈ ਕੁਮਾਰ ਦਾ ਸਿਵਲ ਹਸਪਤਾਲ ਬਠਿੰਡਾ ਵਿਖੇ ਇਲਾਜ ਚੱਲ ਰਿਹਾ ਹੈ। ਥਾਣਾ ਕੋਟ ਭਾਈ ਦੇ ਏਐੱਸਆਈ ਹਰਜੀਤ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀਆਂ ਲਾਸ਼ਾਂ ਦਾ ਪੋਸਟਰਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।

ਪਿੰਡ ਭਲਾਈਆਣਾ 'ਚ ਸੋਗ ਦੀ ਲਹਿਰ : ਦੋ ਨੌਜਵਾਨਾਂ ਦੀ ਮੌਤ ਨਾਲ ਪਿੰਡ ਭਲਾਈਆਣਾ ਵਿਕੇ ਸੋਗ ਦੀ ਲਹਿਰ ਹੈ। ਹਾਦਸੇ 'ਚ ਮਰਨ ਵਾਲਾ ਮਨਪ੍ਰੀਤ ਸਿੰਘ ਆਪਣੇ ਪਿੱਛੇ ਆਪਣੀ ਮਾਤਾ, ਪਤਨੀ ਤੇ ਇੱਕ ਸਾਲ ਦਾ ਪੁੱਤਰ ਛੱਡ ਗਿਆ ਹੈ, ਜਦੋਂਕਿ ਦੂਜਾ ਮਿ੍ਤਕ ਜਗਸੀਰ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਤੇ ਉਸ ਦੇ ਮਾਤਾ-ਪਿਤਾ ਦੀ ਪਹਿਲਾ ਹੀ ਮੌਤ ਹੋ ਚੁੱਕੀ ਹੈ।