ਜਨਮ ਦਿਨ 'ਤੇ ਪੁਰੀ ਪਤਨੀ ਨੂੰ ਦੇ ਗਏ ਹੰਝੂਆਂ ਦਾ ਸੈਲਾਬ

ਪਰਿਵਾਰ ਸਣੇ ਲੁਧਿਆਣਾ 'ਚ ਇਕ ਵਿਆਹ ਸਮਾਗਮ ਤੋਂ ਪਰਤੇ ਸਨ

ਵਕੀਲ ਮਹਿਰੋ, ਮੋਗਾ : ਮੋਗਾ ਸ਼ਹਿਰ ਦੇ ਚੜਿੱਕ ਰੋਡ ਨਿਵਾਸੀ ਉੱਘੇ ਕਾਰੋਬਾਰੀ ਤੇ ਸਾਬਕਾ ਫਾਇਨਾਂਸਰ ਨੇ ਪਰਮਿੰਦਰਪਾਲ ਪੁਰੀ ਉਰਫ਼ ਟੀਟੂ ਪੁਰੀ (54) ਪੁੱਤਰ ਰਾਕੇਸ਼ ਪੁਰੀ ਨੇ ਐਤਵਾਰ ਸਵੇਰੇ 8 ਵਜੇ ਦੇ ਕਰੀਬ ਆਪਣੇ ਕਮਰੇ 'ਚ ਜਾ ਕੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਾਊਥ ਸਿਟੀ ਦੇ ਐੱਸਐੱਚਓ ਸੁਰਜੀਤ ਸਿੰਘ ਦਾ ਕਹਿਆ ਹੈ ਕਿ ਪੁਰੀ ਡਿਪਰੈਸ਼ਨ ਦੇ ਮਰੀਜ਼ ਸਨ। ਇਕ ਮਹੀਨਾ ਪਹਿਲਾ ਹੀ ਉਨ੍ਹਾਂ ਨੇ ਦਵਾਈ ਲੈਣੀ ਬੰਦ ਕਰ ਦਿੱਤੀ ਸੀ। ਖ਼ੁਦਕੁਸ਼ੀ ਦੇ ਕਾਰਨਾਂ ਦਾ ਅਜੇ ਤਕ ਕੱੁਝ ਪਤਾ ਨਹੀਂ ਲੱਗ ਸਕਿਆ। ਜਾਣਕਾਰੀ ਅਨੁਸਾਰ ਚੜਿੱਕ ਰੋਡ 'ਤੇ ਬਸਤੀ ਮੋਹਨ ਸਿੰਘ ਵਾਸੀ ਪਰਮਿੰਦਰ ਪਾਲ ਪੁਰੀ ਆਪਣੇ ਪਰਿਵਾਰ ਦੇ ਨਾਲ ਸ਼ਨਿਚਰਵਾਰ ਰਾਤ ਲਗਪਗ 12 ਵਜੇ ਲੁਧਿਆਣਾ ਸਥਿਤ ਇਕ ਵਿਆਹ ਸਮਾਗਮ ਵਿਚ ਹਿੱਸਾ ਲੈ ਪਰਤੇ ਸਨ।

ਪਰਮਿੰਦਰਪਾਲ ਪੁਰੀ ਦੇ ਮਾਸੀ ਦੇ ਲੜਕੇ ਮਹਿੰਦਰਪਾਲ ਲੂੰਬਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਭਰਾ ਪਿਛਲੇ ਲੰਬੇ ਸਮੇਂ ਤੋਂ ਡਿਪਰੈਸ਼ਨ ਦੀ ਦਵਾਈ ਲੈ ਰਿਹਾ ਸੀ ਪਰ ਹੁਣ ਠੀਕ ਸੀ। ਅੱਜ ਹੀ ਪਰਮਿੰਦਰ ਦੀ ਪਤਨੀ ਦਾ ਜਨਮ ਦਿਨ ਵੀ ਸੀ ਤੇ ਘਰ 'ਚ ਸਵੇਰ ਤੋਂ ਹੀ ਖ਼ੁਸ਼ੀ ਦਾ ਮਾਹੌਲ ਸੀ। ਜਦ ਕਿ ਉਨ੍ਹਾਂ ਦਾ ਬੇਟਾ ਐਡਵੋਕੇਟ ਚੇਤੰਨ ਪੁਰੀ ਹਾਈ ਕੋਰਟ 'ਚ ਵਕੀਲ ਹੈ ਤੇ ਇਕ ਬੇਟੀ ਮੋਗਾ 'ਚ ਵਿਆਹੀ ਹੋਈ ਹੈ।

ਸਾਰਾ ਪਰਿਵਾਰ ਸ਼ਾਮ ਨੂੰ ਜਨਮ ਦਿਨ ਦੀਆਂ ਤਿਆਰੀਆਂ 'ਚ ਲੱਗਿਆ ਹੋਇਆ ਸੀ। ਟੀਟੂ ਦੇ ਲੜਕੇ ਚੇਤੰਨ ਪੁਰੀ ਨੇ ਕਮਰੇ 'ਚੋਂ ਫਾਇਰਿੰਗ ਦੀ ਅਵਾਜ਼ ਸੁਣਾਈ ਦਿੱਤੀ ਤੇ ਦੌੜ ਕੇ ਕਮਰੇ ਵਿਚ ਗਏ। ਚੇਤੰਨ ਨੇ ਤੁਰੰਤ ਨੇੜਿਓਂ ਇਕ ਡਾਕਟਰ ਨੂੰ ਬੁਲਾਇਆ। ਡਾਕਟਰ ਨੇ ਪਰਮਿਦਰਪਾਲ ਪੁਰੀ ਨੂੰ ਮਿ੍ਤਕ ਐਲਾਨ ਦਿੱਤਾ। ਟੀਟੂ ਦੀ ਲੜਕੀ ਚੰਡੀਗੜ੍ਹ 'ਚ ਡਾਕਟਰੀ ਦੀਆਂ ਸੇਵਾਵਾਂ ਨਿਭਾਅ ਰਹੀ ਹੈ।

ਸੂਚਨਾ ਮਿਲਦੇ ਹੀ ਡੀਐੱਸਪੀ ਸਿਟੀ ਪਰਮਜੀਤ ਸਿੰਘ ਤੇ ਥਾਣਾ ਸਾਊਥ ਸਿਟੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮਥੁਰਾਦਾਸ ਸਿਵਲ ਹਸਪਤਾਲ 'ਚ ਪੋਸਟਮਾਰਟਮ ਕਰਵਾਇਆ ਹੈ। ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।