ਪੰਜਾਬੀ ਜਾਗਰਣ ਟੀਮ, ਮਾਹਿਲਪੁਰ/ਖੰਨਾ/ਅੰਮਿ੍ਤਸਰ : ਆਸਟ੍ੇਲੀਆ ਤੋਂ ਵਿਆਹ ਕਰਾਉਣ ਲਈ ਭਾਰਤ ਪੁੱਜੇ ਨੌਜਵਾਨ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਮਿ੍ਤਕ ਦੀ ਪਛਾਣ ਵਿਕਰਮ ਓਹਰੀ ਪੁੱਤਰ ਅਮਰਨਾਥ ਵਾਸੀ ਵਾਰਡ ਨੰਬਰ 7 ਵਜੋਂ ਹੋਈ ਹੈ। ਵਿਕਰਮ ਓਹਰੀ ਪਿਛਲੇ ਕਈ ਸਾਲਾਂ ਤੋਂ ਪੱਕੇ ਤੌਰ 'ਤੇ ਆਸਟ੍ੇਲੀਆ 'ਚ ਸੈਟਲ ਸੀ। ਲਗਪਗ ਇਕ ਮਹੀਨੇ ਪਹਿਲੇ ਵਿਕਰਮ ਵਿਆਹ ਕਰਵਾਉਣ ਲਈ ਆਪਣੇ ਘਰ ਭਾਰਤ ਪਰਤਿਆ ਸੀ। ਵਿਆਹ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਸਨ। ਇਸ ਦੌਰਾਨ ਵਿਕਰਮ ਦੀ ਤਬੀਅਤ ਖ਼ਰਾਬ ਹੋਣੀ ਸ਼ੁਰੂ ਹੋ ਗਈ। ਡਾਕਟਰਾਂ ਨੇ ਉਸ ਨੂੰ ਸਵਾਈਨ ਫਲੂ ਦਾ ਖਦਸ਼ਾ ਦੱਸਦਿਆਂ ਪੀਜੀਆਈ ਰੈਫ਼ਰ ਕਰ ਦਿੱਤਾ। ਇਸ ਦੌਰਾਨ ਪੀਜੀਆਈ 'ਚ ਹੋਏ ਟੈਸਟਾਂ ਤੋਂ ਸਪੱਸ਼ਟ ਹੋਇਆ ਕਿ ਵਿਕਰਮ ਨੂੰ ਸਵਾਈਨ ਫਲੂ ਹੋ ਗਿਆ ਹੈ। ਇਲਾਜ ਦੌਰਾਨ ਸੋਮਵਾਰ ਨੂੰ ਵਿਕਰਮ ਨੇ ਦਮ ਤੋੜ ਦਿੱਤਾ।

ਖੰਨਾ ਦੇ ਉੱਤਮ ਨਗਰ ਇਲਾਕੇ 'ਚ ਮੰਗਲਵਾਰ ਨੂੰ ਇਕ ਅੌਰਤ ਦੀ ਸਵਾਈਨ ਫਲੂ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉੱਤਰ ਨਗਰ ਵਾਸੀ 51 ਸਾਲਾ ਅੌਰਤ ਦੀ ਸ਼ੁੱਕਰਵਾਰ ਰਾਤ ਨੂੰ ਤਬੀਅਤ ਖਰਾਬ ਹੋ ਗਈ, ਜਿਸ 'ਤੇ ਉਸ ਨੂੰ ਖੰਨਾ ਨਰਸਿੰਗ ਹੋਮ 'ਚ ਭਰਤੀ ਕਰਵਾਇਆ ਗਿਆ। ਡਾਕਟਰੀ ਰਿਪੋਰਟਾਂ 'ਚ ਸਵਾਈਨ ਫਲੂ ਦੇ ਲੱਛਣ ਤੋਂ ਬਾਅਦ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਲੁਧਿਆਣਾ ਦੇ ਐੱਸਪੀਐੱਸ ਤੇ ਡੀਐੱਮਸੀ ਹਸਪਤਾਲਾਂ 'ਚ ਡਾਕਟਰਾਂ ਨੇ ਉਸ ਨੂੰ ਦਾਖ਼ਲ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ 'ਤੇ ਪਰਿਵਾਰਕ ਮੈਂਬਰ ਉਸ ਨੂੰ ਸੈਕਟਰ-32 ਚੰਡੀਗੜ੍ਹ ਲੈ ਕੇ ਗਏ, ਜਿਥੇ ਇਲਾਜ ਦੌਰਾਨ ਅੌਰਤ ਨੇ ਦਮ ਤੋੜ ਦਿੱਤਾ। ਐੱਸਐੱਮਓ ਡਾ. ਰਾਜਿੰਦਰ ਗੁਲਾਟੀ ਨੇ ਉਕਤ ਅੌਰਤ ਦੀ ਮੌਤ ਸਵਾਈਨ ਫਲੂ ਨਾਲ ਹੋਣ ਦੀ ਪੁਸ਼ਟੀ ਕੀਤੀ ਹੈ।

ਉਧਰ ਅੰਮਿ੍ਤਸਰ ਵਿਖੇ ਪੰਜਾਬ ਪੁਲਿਸ ਦੇ ਏਐੱਸਆਈ ਦੀ ਸਵਾਈਨ ਫਲੂ ਨਾਲ ਮੌਤ ਹੋ ਗਈ। ਏਐੱਸਆਈ ਪਠਾਨਕੋਟ ਦਾ ਰਹਿਣ ਵਾਲਾ ਸੀ, ਜਿਸ ਦਾ ਇਲਾਜ ਅੰਮਿ੍ਤਸਰ ਦੇ ਇਕ ਪ੍ਾਈਵੇਟ ਹਸਪਤਾਲ ਵਿਚ ਚੱਲ ਰਿਹਾ ਸੀ। ਜਾਣਕਾਰੀ ਅਨੁਸਾਰ ਏਐੱਸਆਈ ਨੂੰ ਸਵਾਈਨ ਫਲੂ ਦੇ ਲੱਛਣਾਂ ਦੇ ਚੱਲਦਿਆਂ ਪਹਿਲਾਂ ਪਠਾਨਕੋਟ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ। ਬਾਅਦ ਵਿਚ ਉਸ ਨੂੰ ਅੰਮਿ੍ਤਸਰ ਵਿਕੇ ਰੈਫਰ ਕਰ ਦਿੱਤਾ ਗਿਆ, ਜਿਥੇ ਮੰਗਲਵਾਰ ਨੂੰ ਉਸ ਦੀ ਮੌਤ ਹੋ ਗਈ। ਨਿੱਜੀ ਹਸਪਤਾਲ ਮੈਨੇਜਮੈਂਟ ਨੇ ਏਐੱਸਆਈ ਦੀ ਮੌਤ ਸਵਾਈਨ ਫਲੂ ਕਾਰਨ ਹੋਈ ਦੱਸੀ ਹੈ।

ਅੰਮਿ੍ਤਸਰ ਪੁੱਜੀ ਕੇਂਦਰੀ ਟੀਮ

ਅੰਮਿ੍ਤਸਰ ਵਿਖੇ ਸਵਾਈਨ ਫਲੂ ਨਾਲ 7 ਮੌਤਾਂ ਹੋ ਚੁੱਕੀਆਂ ਹਨ। ਜਦਕਿ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸ ਨੂੰ ਦੇਖਦਿਆਂ ਮੰਗਲਵਾਰ ਨੂੰ ਨੈਸ਼ਨਲ ਕੰਟਰੋਲ ਡਿਸੀਜ਼ ਪ੍ੋਗਰਾਮ ਦੇ ਅਸਿਸਟੈਂਟ ਡਾਇਰੈਕਟਰ ਡਾ. ਮਹੇਸ਼ ਤੇ ਪੰਜਾਬ ਦੀ ਸਟੇਟ ਮਾਈਕ੍ਰੋਬਾਇਲਾਜਿਸਟ ਮੋਨਿਕਾ ਅੰਮਿ੍ਤਸਰ ਵਿਖੇ ਪੁੱਜੇ। ਦੋਵਾਂ ਅਧਿਕਾਰੀਆਂ ਨੇ ਸਰਕਾਰੀ ਮੈਡੀਕਲ ਕਾਲਜ ਸਵਾਈਨ ਫਲੂ ਟੈਸਟਿੰਗ ਲੈਬ ਤੇ ਸਿਵਲ ਹਸਪਤਾਲ ਵਿਚ ਸਵਾਈਨ ਫਲੂ ਦੇ ਮਰੀਜ਼ਾਂ ਲਈ ਬਣਾਏ ਗਏ ਆਇਸੋਲੇਸ਼ਨ ਵਾਰਡ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਸਵਾਈਨ ਫਲੂ ਟੈਸਟਿੰਗ ਲੈਬ ਵਿਚ ਹੁਣ ਤਕ ਲਏ ਗਏ ਸੈਂਪਲਾਂ ਬਾਰੇ ਜਾਣਕਾਰੀ ਹਾਸਲ ਕੀਤੀ।