ਜਤਿੰਦਰ ਪੰਮੀ, ਜਲੰਧਰ : ਹੁਣ ਲਰਨਿੰਗ ਡਰਾਈਵਿੰਗ ਲਾਇਸੈਂਸ ਲਈ ਬਿਨੈ ਪੱਤਰ ਦੇਣ ਵਾਲੇ ਬਿਨੈਕਾਰ ਨੂੰ ਉਸੇ ਦਿਨ ਲਾਇਸੈਂਸ ਦਿੱਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਟੀ ਬਰਜਿੰਦਰ ਸਿੰਘ ਨੇ ਦੱਸਿਆ ਕਿ ਟਰਾਂਸਪੋਰਟ ਵਿਭਾਗ ਵੱਲੋਂ ਪਹਿਲੀ ਜੂਨ ਤੋਂ ਲੋਕਾਂ ਨੂੰ ਮੁੜ ਸੇਵਾਵਾਂ ਪ੍ਰਦਾਨ ਕਰਨੀਆਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਹੁਣ ਲਰਨਿੰਗ ਡਰਾਈਵਿੰਗ ਲਾਇਸੈਂਸ, ਸਥਾਈ ਡਰਾਈਵਿੰਗ ਲਾਇਸੈਂਸ, ਲਾਇਸੈਂਸ ਨਵਿਆਉਣਾ ਅਤੇ ਡੁਪਲੀਕੇਟ ਡਰਾਈਵਿੰਗ ਲਾਇਸੈਂਸ ਅਪਲਾਈ ਕਰਨ 'ਤੇ ਉਸੇ ਦਿਨ ਬਿਨੈਕਾਰ ਨੂੰ ਦਿੱਤਾ ਜਾਵੇਗਾ। ਪਹਿਲੇ ਪੜਾਅ 'ਚ ਲਰਨਿੰਗ ਲਾਇਸੈਂਸ ਲਈ 30 ਸਲਾਟ ਰੱਖੇ ਜਾਣਗੇ। ਇਸੇ ਤਰ੍ਹਾਂ ਸਥਾਈ ਡਰਾਈਵਿੰਗ ਲਾਇਸੈਂਸ ਬਣਾਉਣ ਲਈ 20 ਸਲਾਟ ਰੱਖੇ ਜਾਣਗੇ। ਦਸਤਾਵੇਜ਼ਾਂ ਦੀ ਪੜਤਾਲ ਅਤੇ ਜਾਂਚ ਤੋਂ ਬਾਅਦ ਬਿਨੈਕਾਰ ਨੂੰ ਉਸੇ ਦਿਨ ਬਾਅਦ ਦੁਪਹਿਰ 3 ਤੋਂ ਸ਼ਾਮ 5 ਵਜੇ ਤਕ ਲਾਇਸੈਂਸ ਜਾਰੀ ਕਰ ਦਿੱਤਾ ਜਾਵੇਗਾ। ਜੇਕਰ ਬਿਨੈਕਾਰ ਉਸੇ ਦਿਨ ਸ਼ਾਮ ਨੂੰ ਲਾਇਸੈਂਸ ਲੈਣ ਦਾ ਇਛੁੱਕ ਨਹੀਂ ਹੈ ਅਤੇ ਡਾਕ ਰਾਹੀਂ ਆਪਣੇ ਘਰ ਦੇ ਪਤੇ 'ਤੇ ਪ੍ਰਰਾਪਤ ਕਰਨ ਦਾ ਚਾਹਵਾਨ ਹੈ ਤਾਂ ਉਸ ਨੂੰ ਸਪੀਡ ਪੋਸਟ ਜਾਂ ਰਜਿਸਟਰੀ 'ਤੇ ਆਉਣ ਵਾਲੇ ਖ਼ਰਚੇ ਦੀ ਅਦਾਇਗੀ ਕਰਨੀ ਹੋਵੇਗੀ। ਜਿਨ੍ਹਾਂ ਬਿਨੈਕਾਰਾਂ ਨੇ ਆਨਲਾਈਨ ਮੁਲਾਕਾਤ ਦਾ ਸਮਾਂ ਲਿਆ ਹੈ, ਕੇਵਲ ਉਨ੍ਹਾਂ ਨੂੰ ਹੀ ਟਰੈਕ 'ਤੇ ਆਉਣ ਦੀ ਇਜਾਜ਼ਤ ਹੋਵੇਗੀ। ਟਰੈਕ 'ਤੇ ਆਉਣ ਸਮੇਂ ਮਾਸਕ ਪਹਿਨਣਾ ਅਤੇ ਸਮਾਜਿਕ ਦੂਰੀ ਦਾ ਪਾਲਣ ਕਰਨਾ ਸਭ ਲਈ ਜ਼ਰੂਰੀ ਹੋਵੇਗਾ।