ਸੁਰਿੰਦਰ ਮਹਾਜਨ, ਪਠਾਨਕੋਟ : ਪੀਸੀਆਰ ਡਿਊਟੀ 'ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਨੇ ਦੁਪਹਰਿ ਨੂੰ ਸ਼ਹਿਰ ਦੇ ਮਾਡਲ ਟਾਊਨ ਸਥਿਤ ਗੁਰੂ ਨਾਨਕ ਪਾਰਕ ਵਿਚ ਬਣੀ ਸ਼ੈੱਡ ਦੇ ਹੇਠਾਂ ਖ਼ੁਦ ਨੂੰ ਏਕੇ 47 ਨਾਲ ਗੋਲ਼ੀ ਮਾਰ ਲਈ। ਮੌਕੇ 'ਤੇ ਪਾਰਕ ਦੇ ਆਸ-ਪਾਸ ਦੇ ਲੋਕਾਂ ਤੇ ਦੁਕਾਨਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੋਲ਼ੀ ਚੱਲਣ ਦੀ ਆਵਾਜ਼ ਸੁਣੀ ਤਾਂ ਸਾਰੇ ਲੋਕ ਪਾਰਕ ਵਿਚ ਬਣੇ ਸ਼ੈੱਡ ਵੱਲ ਭਜੇ। ਉਥੇ ਦੇਖਿਆ ਕਿ ਪੁਲਿਸ ਕਰਮੀ ਦੀ ਖ਼ੂਨ ਨਾਲ ਲਥਪਥ ਲਾਸ਼ ਪਈ ਹੋਈ ਸੀ, ਜਦੋਂ ਕਿ ਬੰਦੂਕ ਹੇਠਾਂ ਡਿੱਗੀ ਹੋਈ ਸੀ। ਗੋਲ਼ੀ ਉਸ ਨੇ ਧੌਣ 'ਚ ਮਾਰੀ ਜੋ ਸਿਰ 'ਚੋਂ ਨਿਕਲ ਕੇ ਸ਼ੈੱਡ ਵਿਚ ਵੱਜੀ। ਘਟਨਾ ਦੀ ਸੂਚਨਾ ਮਿਲਣ 'ਤੇ ਐੱਸਪੀਡੀ ਪ੍ਰਭਜੋਤ ਸਿੰਘ ਵਿਰਕ, ਡੀਐੱਸਪੀ ਸ਼ਹਿਰੀ ਰਜਿੰਦਰ ਮਨਹਾਸ, ਐੱਸਐੱਚਓ ਡਵੀਜ਼ਨ ਨੰਬਰ 2 ਦਵਿੰਦਰ ਪ੍ਰਕਾਸ਼ ਸ਼ਰਮਾ ਪੁਲਿਸ ਟੀਮ ਤੇ ਫੋਰੈਂਸਿਕ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਾਤਲ ਵਿਚ ਪਹੁੰਚਾਇਆ।

ਐੱਸਪੀਡੀ ਪ੍ਰਭਜੋਤ ਸਿੰਘ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਆਤਮ ਹੱਤਿਆ ਹੈ ਜਾਂ ਫਿਰ ਬੰਦੂਕ 'ਚੋਂ ਗੋਲ਼ੀ ਅਚਾਨਕ ਚੱਲੀ, ਇਹ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ। ਫਿਲਹਾਲ ਪੋਸਟਮਾਰਟਮ ਰਿਪੋਰਟ ਦਾ ਇੰਤਜਾਰ ਹੈ।