ਸਰਦੂਲਗੜ੍ਹ : ਬਲੈਕ ਕੈਟ ਕਮਾਂਡੋ ਰਮਨਵੀਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਟਾਣਾ ਕਲਾਂ ਜ਼ਿਲ੍ਹਾ ਮਾਨਸਾ ਨੇ 16 ਮਈ ਨੂੰ ਸਵੇਰੇ 7 ਵਜੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ (8848 ਮੀਟਰ) 'ਤੇ ਤਿਰੰਗਾ ਲਹਿਰਾਇਆ। ਉਹ ਐੱਨਐੱਸਜੀ ਦੀ ਬਲੈਕ ਕੈਟ ਐਵਰੈਸਟ ਦੀ ਐਕਸਪੀਡੀਸ਼ਨ-2019 ਦੀ 16 ਮੈਂਬਰੀ ਟੀਮ ਦੇ ਮੈਂਬਰ ਹਨ। ਐੱਨਐੱਸਜੀ ਦੀ ਟੀਮ ਨੂੰ 29 ਮਾਰਚ 2019 ਨੂੰ ਹੋਮ ਸਕੱਤਰ ਰਾਜੀਵ ਗਾਬਾ ਨੇ ਰਵਾਨਾ ਕੀਤਾ। ਇਹ ਟੀਮ ਲੈਫਟੀਨੈਂਟ ਕਰਨਲ ਜੈ ਪ੍ਰਕਾਸ਼ ਕੁਮਾਰ ਦੀ ਅਗਵਾਈ ਹੇਠ ਦਿੱਲੀ ਤੋਂ ਨੇਪਾਲ ਲਈ ਰਵਾਨਾ ਹੋਈ ਸੀ। ਜਟਾਣਾ ਕਲਾਂ ਦੇ ਰਮਨਵੀਰ ਸਿੰਘ ਸਮੇਤ 7 ਹੋਰ ਮੈਂਬਰਾਂ ਦੀ ਟੀਮ ਨੇ 16 ਮਈ ਸਵੇਰੇ 7 ਵਜੇ ਐਵਰੈਸਟ ਦੇ ਸਿਖਰ 'ਤੇ ਤਿਰੰਗਾ ਲਹਿਰਾਇਆ। ਇਹ ਟੀਮ 5 ਜੂਨ ਤਕ ਦਿੱਲੀ ਵਾਪਸ ਪਹੁੰਚ ਜਾਵੇਗੀ।