ਫੋਟੋ: 75 ਕੈਪਸ਼ਨ: ਸਕੱਤਰੇਤ ਵਿਖੇ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿਤੇ ਜਾਣ ਦੀਆਂ ਕਨਸੋਆ ਦੇ ਵਿਰੋਧ ਵਿਚ ਜਥੇਦਾਰ ਲਖਵਿੰਦਰ ਸਿੰਘ, ਇੰਦਰਜੀਤ ਸਿੰਘ ਬਾਗੀ ਦੀ ਅਗਵਾਈ ਵਿਚ ਵਫਦ ਮੰਗ ਪੱਤਰ ਦੇਣ ਸਮੇਂ।

ਅੰਮਿ੍ਤਪਾਲ ਸਿੰਘ, ਅੰਮਿ੍ਤਸਰ : ਗੁਰਦਾਸਪੁਰ ਤੋਂ ਇਕ ਵਾਰ ਫਿਰ ਵੱਡੀ ਗਿਣਤੀ ਵਿਚ ਸਿੱਖ ਸੰਗਤਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੁੱਜ ਕੇ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਮੁਆਫ਼ੀ ਦਿੱਤੇ ਜਾਣ ਦੀਆਂ ਕਨਸੋਆਂ ਦਾ ਵਿਰੋਧ ਕੀਤਾ। ਜਥੇਦਾਰ ਲਖਵਿੰਦਰ ਸਿੰਘ ਅਤੇ ਪੰਜਾਬ ਟੂਰਿਜ਼ਮ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ਬਾਗੀ ਦੀ ਅਗਵਾਈ ਵਿਚ ਪੁੱਜੇ ਇਸ ਵਫ਼ਦ ਨੇ ਕਿਹਾ ਕਿ ਇਹ ਅਫ਼ਸੋਸ ਦੀ ਗੱਲ ਹੈ ਕਿ ਕੌਮ ਦੀ ਗੱਲ ਕਰਨ ਵਾਲੇ ਲੋਕ ਕੌਮੀ ਮੁੱਖ ਧਾਰਾ ਤੋਂ ਬਾਹਰ ਹਨ ਅਤੇ ਜੋ ਲੋਕ ਬਜਰ ਕੁਰਹਿਤ ਕਰਦੇ ਰਹੇ ਹਨ, ਉਹ ਪੰਥ ਵਿਚ ਸ਼ਾਮਲ ਹੋਣ ਲਈ ਕਾਹਲੇ ਹਨ। ਭਾਈ ਲਖਵਿੰਦਰ ਸਿੰਘ ਨੇ ਕਿਹਾ ਕਿ ਲੰਗਾਹ ਦੂਜਾ ਰਾਮ ਰਹੀਮ ਹੈ। ਇਸ ਨੂੰ ਮੁਆਫ਼ੀ ਦੇਣਾ ਕੌਮ ਲਈ ਘਾਤਕ ਸਿੱਧ ਹੋਵੇਗਾ। ਇਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤ ਦੀ ਵੀ ਉਲੰਘਣਾ ਹੋਵੇਗੀ। ਉਨ੍ਹਾਂ ਕਿਹਾ ਕਿ ਲੰਗਾਹ ਦੀ ਮਦਦ ਕਰ ਰਹੇ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਵੀ ਸਖ਼ਤੀ ਨਾਲ ਪੇਸ਼ ਆਇਆ ਜਾਵੇ। ਲੰਗਾਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਨੂੰ ਵੀ ਟਿੱਚ ਜਾਣਦਾ ਹੈ। ਕੌਮ ਨੂੰ ਲੰਗਾਹ ਦੀ ਮੁਆਫ਼ੀ ਪ੍ਰਵਾਨ ਨਹੀਂ। ਬਾਗੀ ਨੇ ਕਿਹਾ ਕਿ ਪਿਛਲੇ ਜਥੇਦਾਰ ਨੇ ਜੋ ਕੀਤਾ ਉਹ ਇਤਿਹਾਸ ਦੇ ਪੰਨਿਆਂ ਵਿਚ ਹੈ। ਮੌਜੂਦਾ ਜਥੇਦਾਰ ਤੋਂ ਇਹ ਆਸ ਨਹੀਂ ਕੀਤੀ ਜਾ ਸਕਦੀ ਕਿ ਉਹ ਅਜਿਹੀ ਇਤਿਹਾਸਕ ਗਲਤੀ ਕਰਨਗੇ। ਉਨ੍ਹਾਂ ਕਿਹਾ ਕਿ ਅਦਾਲਤ ਨੂੰ ਲੰਗਾਹ ਨੇ ਗੁਮਰਾਹ ਕਰਕੇ ਅਤੇ ਝੂਠ ਬੋਲ ਕੇ ਆਪਣਾ ਬਚਾਅ ਕਰਵਾ ਲਿਆ ਪਰ ਇਹ ਸਮਝ ਤੋਂ ਪਰੇ੍ਹ ਹੈ ਕਿ ਜੇ ਉਹ ਸੱਚਾ ਹੈ ਤੇ ਹੁਣ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਿਉਂ ਮੁਆਫੀ ਮੰਗ ਰਿਹਾ ਹੈ? ਪਹਿਲਾਂ ਲੰਗਾਹ ਕੌਮ ਕੋਲ ਸਪੱਸ਼ਟ ਕਰੇ ਕਿ ਉਸ ਨੇ ਗਲਤੀ ਕੀ ਕੀਤੀ ਹੈ? ਇਸ ਮੌਕੇ ਰਾਜਿੰਦਰ ਸਿੰਘ ਭੰਗੂ, ਕਸ਼ਮੀਰ ਸਿੰਘ, ਮੋਹਨ ਸਿੰਘ, ਰਸ਼ਪਾਲ ਸਿੰਘ, ਬਚਨ ਸਿੰਘ, ਕਰਤਾਰ ਸਿੰਘ ਸਰਪੰਚ ਆਦਿ ਮੌਜੂਦ ਸਨ।