ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਪਿਛਲੇ ਦਿਨੀਂ ਪੁਲਿਸ ਅਤੇ ਗੁਆਂਢੀ 'ਤੇ ਫਾਈਰਿੰਗ ਕਰ ਕੇ ਭੱਜੇ ਪਤੀ-ਪਤਨੀ ਨੂੰ ਸਾਥੀ ਸਣੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਉਕਤ ਲੋਕਾਂ ਦੇ ਕਬਜ਼ੇ 'ਚੋਂ ਇਕ ਪਿਸਤੌਲ 32 ਬੋਰ, 2 ਕਾਰਤੂਸ ਤੇ ਖੋਹਿਆ ਮੋਟਰਸਾਈਕਲ ਬਰਾਮਦ ਕੀਤਾ ਹੈ। ਜਦੋਂਕਿ ਮਾਮਲੇ ਵਿਚ ਨਾਮਜ਼ਦ ਦੋ ਹੋਰ ਵਿਅਕਤੀਆਂ ਦੀ ਭਾਲ 'ਚ ਪੁਲਿਸ ਛਾਪਾਮਾਰੀ ਕਰ ਰਹੀ ਹੈ।

ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ 23 ਦਸੰਬਰ ਦੀ ਰਾਤ ਨੂੰ ਪਿੰਡ ਮਹਿਲਾਂ ਦੀ ਭੰਗੂਆਂ ਬਸਤੀ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਕਰਮਜੀਤ ਸਿੰਘ ਉਰਫ ਕਾਲੀ ਅਤੇ ਉਸ ਦੀ ਪਤਨੀ ਪ੍ਰਭਜੀਤ ਕੌਰ ਦਾ ਆਪਣੇ ਗੁਆਂਢੀ ਜਗਤਾਰ ਸਿੰਘ ਨਾਲ ਝਗੜਾ ਹੋ ਗਿਆ ਸੀ। ਕਰਮਜੀਤ ਕਾਲੀ ਨੇ ਸ਼ਰਾਬ ਦੇ ਨਸ਼ੇ ਵਿਚ ਜਗਤਾਰ ਸਿੰਘ 'ਤੇ ਪਿਸਤੌਲ ਨਾਲ ਫਾਈਰਿੰਗ ਕਰ ਦਿੱਤੀ ਅਤੇ ਆਪਣੀ ਪਤਨੀ ਪ੍ਰਭਜੀਤ ਕੌਰ ਸਮੇਤ ਫਰਾਰ ਹੋ ਗਿਆ। ਰਸਤੇ ਵਿਚ ਉਹ ਮੋਟਰਸਾਈਕਲ ਸਵਾਰ ਅੰਤਰ ਜਾਮੀ ਵਾਸੀ ਖਡਿਆਲ ਰੋਡ ਮਹਿਲਾਂ ਨੂੰ ਘੇਰ ਕੇ ਪਿਸਤੌਲ ਦੇ ਜ਼ੋਰ 'ਤੇ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਪੁਲਿਸ ਨੇ ਜਗਤਾਰ ਸਿੰਘ ਦੇ ਬਿਆਨਾਂ 'ਤੇ ਥਾਣਾ ਛਾਜਲੀ ਵਿਚ ਕਰਮਜੀਤ ਸਿੰਘ ਤੇ ਉਸ ਦੀ ਪਤਨੀ ਖ਼ਿਲਾਫ਼ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ। ਇਨ੍ਹਾਂ ਦੀ ਗਿ੍ਰਫਤਾਰੀ ਲਈ ਪੁਲਿਸ ਨੇ ਟੀਮਾਂ ਦਾ ਗਠਨ ਕਰ ਕੇ ਭਾਲ ਸ਼ੁਰੂ ਕਰ ਦਿੱਤੀ। 7 ਜਨਵਰੀ ਨੂੰ ਮਹਿਲਾਂ-ਨਾਗਰੀ ਰੋਡ 'ਤੇ ਪੁਲਿਸ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ 'ਤੇ ਸਵਾਰ ਕਰਮਜੀਤ ਸਿੰਘ ਉਰਫ ਕਾਲੀ ਵਾਸੀ ਬੀਹਲਾਂ ਜ਼ਿਲ੍ਹਾ ਬਰਨਾਲਾ, ਹਰਪ੍ਰੀਤ ਸਿੰਘ ਵਾਸੀ ਗਾਲਬਿਆ ਕੋਠੇ ਕੁਲਾਰ ਖੁਰਦ ਥਾਣਾ ਸਦਰ ਸੰਗਰੂਰ, ਸੁਖਪ੍ਰੀਤ ਸਿੰਘ ਵਾਸੀ ਨਾਗਰੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਿਸ ਨੂੰ ਦੇਖ ਕੇ ਮੋਟਰਸਾਈਕਲ ਸਵਾਰਾਂ ਨੇ ਭੱਜਣ ਦੀ ਕੋਸ਼ਿਸ ਕੀਤੀ ਪਰ ਮੋਟਰ ਸਾਈਕਲ ਸਲਿੱਪ ਹੋਣ ਕਾਰਨ ਉਹ ਡਿੱਗ ਪਏ। ਜਦੋਂ ਪੁਲਿਸ ਇਨ੍ਹਾਂ ਵੱਲ ਵਧੀ ਤਾਂ ਉਕਤ ਲੋਕਾਂ ਨੇ ਪੁਲਿਸ 'ਤੇ ਫਾਈਰਿੰਗ ਕੀਤੀ ਤੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮੋਟਰਸਾਈਕਲ ਤੇ ਖਾਲੀ ਕਾਰਤੂਸ ਬਰਾਮਦ ਕਰ ਕੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਸੀ।

ਸ਼ੁੱਕਰਵਾਰ ਨੂੰ ਪੁਲਿਸ ਨੇ ਮੌੜਾਂ-ਨਾਗਰੀ ਰੋਡ 'ਤੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਕਰਮਜੀਤ ਸਿੰਘ ਉਰਫ ਕਾਲੀ, ਉਸ ਦੀ ਪਤਨੀ ਪ੍ਰਭਜੀਤ ਕੌਰ ਅਤੇ ਜਗਦੀਪ ਸਿੰਘ ਵਾਸੀ ਅਕਲੀਆਂ ਨੂੰ ਗ੍ਰਿਫਤਾਰ ਕਰ ਲਿਆ। ਉਨ੍ਹਾਂ ਕੋਲੋਂ ਪੁਲਿਸ ਨੇ ਇੱਕ ਪਿਸਤੌਲ ਤੇ ਦੋ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮਾਮਲੇ ਵਿਚ ਨਾਮਜਦ ਹਰਪ੍ਰੀਤ ਸਿੰਘ ਅਤੇ ਸੁਖਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੇ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।