ਮੁੰਬਈ (ਪੀਟੀਆਈ) : ਮਸ਼ਹੂਰ ਫਿਲਮ ਗੀਤਕਾਰ ਜਾਵੇਦ ਅਖ਼ਤਰ ਨੇ ਕਿਹਾ ਕਿ ਹਿੰਦੂ ਦੁਨੀਆ 'ਚ ਸਭ ਤੋਂ ਜ਼ਿਆਦਾ ਸਹਿਣਸ਼ੀਲ ਹਨ। ਉਨ੍ਹਾਂ ਕਿਹਾ ਕਿ ਉਹ ਮੁਸਲਿਮ ਕੱਟੜਪੰਥੀਆਂ ਦੇ ਜਿੰਨੇ ਵੱਡੇ ਵਿਰੋਧੀ ਹਨ, ਓਨੇ ਹੀ ਹਿੰਦੂ ਕੱਟੜਪੰਥੀਆਂ ਦੇ ਵੀ ਹਨ। ਅਖ਼ਤਰ ਨੇ ਜ਼ਿਕਰ ਕੀਤਾ ਕਿ ਆਪਣੇ ਸੁਭਾਅ ਕਾਰਨ ਉਨ੍ਹਾਂ ਨੂੰ ਮੁਸਲਮਾਨਾਂ ਵੱਲੋਂ ਧਮਕੀਆਂ ਵੀ ਮਿਲਦੀਆਂ ਰਹੀਆਂ ਹਨ। ਪ੍ਰਸਿੱਧ ਸਕ੍ਰੀਨ ਰਾਈਟਰ ਨੇ ਕਿਹਾ ਕਿ ਉਨ੍ਹਾਂ ਨੂੂੰ ਤਾਲਿਬਾਨ ਤੇ ਹਿੰਦੂ ਸੱਜੇ ਪੱਖੀਆਂ 'ਚ ਕਈ ਸਮਾਨਾਤਾਵਾਂ ਦਿਖਾਈ ਦਿੰਦੀਆਂ ਹਨ।

ਹਾਲ ਹੀ 'ਚ ਆਪਣੀ ਇੰਟਰਵਿਊ, ਜਿਸ 'ਚ ਅਖ਼ਤਰ ਨੇ ਤਾਲਿਬਾਨ ਤੇ ਹਿੰਦੂ ਕੱਟੜਪੰਥੀਆਂ ਨੂੰ ਇਕੋ ਜਿਹਾ ਮੰਨਿਆ ਹੈ, ਨੂੰ ਜਾਇਜ਼ ਦੱਸਦੇ ਹੋਏ ਕਿਹਾ ਕਿ ਹਿੰਦੂ ਦੁਨੀਆ 'ਚ ਸਭ ਤੋਂ ਜ਼ਿਆਦਾ ਸਹਿਣਸ਼ੀਲ ਲੋਕ ਹਨ। ਅਫ਼ਗਾਨਿਸਤਾਨ 'ਚ ਤਾਲਿਬਾਨ ਨੂੰ ਛੋਟ ਮਿਲੀ ਹੋਈ ਤੇ ਭਾਰਤ ਦੀ ਧਰਮ-ਨਿਰਪੱਖਤਾ ਇਸ ਦੇ ਸੰਵਿਧਾਨ ਤੇ ਅਦਾਲਤਾਂ ਦੀ ਸਰਪ੍ਰਸਤੀ 'ਚ ਹੈ।

ਅਖ਼ਤਰ ਨੇ ਇਕ ਟੀਵੀ ਚੈਨਲ 'ਤੇ ਟਿੱਪਣੀ ਕਰਨ ਤੋਂ ਬਾਅਦ ਇਕ ਬਿਆਨ 'ਚ ਆਪਣੇ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਕਿਹਾ ਸੀ ਕਿ ਤਾਲਿਬਾਨ ਵਹਿਸ਼ੀ ਹਨ ਤੇ ਜੋ ਲੋਕ ਭਾਰਤ 'ਚ ਸੱਜੇ ਪੱਖੀ ਸੰਗਠਨਾਂ ਦੀ ਹਮਾਇਤ ਕਰ ਰਹੇ ਹਨ, ਉਹ ਵੀ ਵੈਸੇ ਹੀ ਹਨ। ਈਮੇਲ ਜ਼ਰੀਏ ਭੇਜੇ ਗਏ ਆਪਣੇ ਬਿਆਨ 'ਚ ਉਨ੍ਹਾਂ ਕਿਹਾ ਕਿ ਭਾਰਤ ਕਦੇ ਅਫ਼ਗਾਨਿਸਤਾਨ ਨਹੀਂ ਬਣ ਸਕਦਾ। ਇਸ ਦਾ ਕਾਰਨ ਇਹ ਹੈ ਕਿ ਸੁਭਾਵਕ ਤੌਰ 'ਤੇ ਭਾਰਤ ਕੱਟੜਪੰਥੀ ਨਹੀਂ ਹੈ। ਕੰਟਰੋਲ 'ਚ ਰਹਿਣਾ ਇੰਨਾ ਦੇ ਡੀਐੱਨਏ 'ਚ ਹੈ। ਉਹ ਵਿਚਲਾ ਰਸਤਾ ਅਪਣਾਉਂਦੇ ਹਨ।' ਉਨ੍ਹਾਂ ਅੱਗੇ ਕਿਹਾ, 'ਹਾਂ ਇਸ ਇੰਟਰਵਿਊ 'ਚ ਮੈਂ ਸੰਘ ਪਰਿਵਾਰ ਨਾਲ ਜੁੜੇ ਸੰਗਠਨਾਂ ਖ਼ਿਲਾਫ਼ ਇਤਰਾਜ ਪ੍ਰਗਟਾਇਆ ਸੀ। ਮੈਂ ਧਰਮ, ਜਾਤੀ ਤੇ ਨਸਲ ਦੇ ਆਧਾਰ 'ਤੇ ਵੰਡਣ ਵਾਲੀ ਕਿਸੇ ਵੀ ਵਿਚਾਰਧਾਰਾ ਦਾ ਵਿਰੋਧੀ ਹਾਂ। ਇਸ ਤਰ੍ਹਾਂ ਦੇ ਭੇਦਭਾਵ ਖ਼ਿਲਾਫ਼ ਖੜ੍ਹੇ ਸਾਰੇ ਲੋਕਾਂ ਨਾਲ ਖੜ੍ਹਾ ਹਾਂ।'