ਹਰਵਿੰਦਰ ਸਿੰਘ ਭੁੰਗਰਨੀ, ਮੇਹਟੀਆਣਾ : ਬੀਤੇ ਦਿਨੀਂ ਪਿੰਡ ਰਾਜਪੁਰ ਭਾਈਆਂ ਤੋਂ ਬੱਡਲਾ ਰੋਡ 'ਤੇ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਜਾਣਕਾਰੀ ਦਿੰਦੇ ਹੋਏ ਦਲਜੀਤ ਸਿੰਘ ਖੱਖ ਡੀਐੱਸਪੀ ਸਬ-ਡਵੀਜ਼ਨ ਹੁਸ਼ਿਆਰਪੁਰ ਨੇ ਦੱਸਿਆ ਕਿ ਸਰਵਨ ਕੁਮਾਰ ਪੁੱਤਰ ਗੁਰਦਾਸ ਰਾਮ ਵਾਸੀ ਹੇੜੀਆਂ ਨੇ ਥਾਣਾ ਮੇਹਟੀਆਣਾ ਪੁਲਿਸ ਕੋਲ 9 ਜਨਵਰੀ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਚਾਚੇ ਦਾ ਲੜਕਾ ਪਰਮਜੀਤ ਕੁਮਾਰ (52) ਪੁੱਤਰ ਅਮਰ ਦਾਸ ਵਾਸੀ ਹੇੜੀਆਂ ਸ਼ਾਮ ਦੇ ਕਰੀਬ ਸਾਢੇ 7 ਵਜੇ ਆਪਣੇ ਸਹੁਰਿਆਂ ਦੇ ਪਿੰਡ ਬੱਡਲਾ ਨੂੰ ਸਾਈਕਲ 'ਤੇ ਜਾ ਰਿਹਾ ਸੀ। ਇਸ ਦੌਰਾਨ ਪਿੰਡ ਰਾਜਪੁਰ ਭਾਈਆਂ ਕੋਲ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਥਾਣਾ ਮੇਹਟੀਆਣਾ ਪੁਲਿਸ ਵੱਲੋਂ ਇਸ ਸਬੰਧੀ ਮਾਮਲਾ ਦਰਜ ਕਰਦਿਆਂ ਐੱਸਪੀ ਡੀ ਹਰਪ੍ਰੀਤ ਸਿੰਘ ਮੰਢੇਰ ਦੀਆਂ ਹਦਾਇਤਾਂ 'ਤੇ ਥਾਣਾ ਮੇਹਟੀਆਣਾ ਦੇ ਐੱਸਐੱਚਓ ਬਲਵਿੰਦਰਪਾਲ, ਇੰਚਾਰਜ ਸੀਆਈਏ ਸਟਾਫ਼ ਹੁਸ਼ਿਆਰਪੁਰ ਤੇ ਏਐੱਸਆਈ ਮੋਹਨ ਲਾਲ ਚੌਕੀ ਇੰਚਾਰਜ ਅਜਨੋਹਾ ਦੀ ਅਗਵਾਈ 'ਚ ਟੀਮ ਦਾ ਗਠਨ ਕੀਤਾ ਗਿਆ। ਜਿਸ ਨੇ ਤੁਰੰਤ ਕਾਰਵਾਈ ਕਰਦਿਆਂ ਮਾਮਲੇ 'ਚ ਸ਼ਾਮਲ ਮਿ੫ਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਐੱਸਐੱਚਓ ਬਲਵਿੰਦਰਪਾਲ ਨੇ ਦੱਸਿਆ ਕਿ ਜਾਂਚ ਦੌਰਾਨ ਮ੍ਰਿਤਕ ਪਰਮਜੀਤ ਕੁਮਾਰ ਦੀ ਪਤਨੀ ਰਾਜ ਰਾਣੀ 'ਤੇ ਸ਼ੱਕ ਹੋਣ ਕਾਰਨ ਉਸ ਦਾ ਮੋਬਾਈਲ ਫੋਨ ਟਰੇਸ ਕੀਤਾ ਗਿਆ। ਕਾਲ ਡਿਟੇਲ 'ਚ ਇੰਦਰਜੀਤ ਉਰਫ਼ ਇੰਦੂ ਪੁੱਤਰ ਗੁਰਮੀਤ ਰਾਮ ਵਾਸੀ ਪੰਡੋਰੀ ਕੱਦ ਦਾ ਨਾਂ ਸ਼ੱਕ ਦੇ ਘੇਰੇ 'ਚ ਆਇਆ। ਜਦੋਂ ਇਸ ਦੌਰਾਨ ਇੰਦਰਜੀਤ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਮੰਨਿਆ ਕਿ ਪਰਮਜੀਤ ਸਿੰਘ ਦਾ ਕਤਲ ਉਸ ਨੇ ਕੀਤਾ ਹੈ ਤੇ ਉਸ ਦੇ ਰਾਜ ਰਾਣੀ ਨਾਲ ਨਾਜਾਇਜ਼ ਸੰਬੰਧ ਹਨ। ਉਸ ਨੇ ਦੱਸਿਆ ਕਿ ਪਰਮਜੀਤ ਕੁਮਾਰ ਉਨ੍ਹਾਂ ਨੂੰ ਮਿਲਣ ਤੋਂ ਰੋਕਦਾ ਸੀ, ਜਿਸ ਦੇ ਚੱਲਦਿਆਂ ਉਸ ਨੇ ਰਾਜ ਰਾਣੀ ਨਾਲ ਹਮਸਲਾਹ ਹੋ ਕੇ ਪਰਮਜੀਤ ਦਾ ਕਤਲ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇੰਦਰਜੀਤ ਉਰਫ਼ ਇੰਦੂ ਤੇ ਰਾਜ ਰਾਣੀ ਨੂੰ ਪੁਲਿਸ ਵੱਲੋਂ ਗਿ੫ਫ਼ਤਾਰ ਕਰ ਲਿਆ ਗਿਆ ਹੈ।