ਸੰਜੀਵ ਗੁਪਤਾ, ਜਗਰਾਓਂ

ਮੁੱਲਾਂਪੁਰ ਦਾਖਾ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਰਹੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਥੀ ਕੈਪਟਨ ਸੰਦੀਪ ਸੰਧੂ ਨੂੰ ਪੰਜਾਬ ਪੁਲਿਸ ਦੇ ਕਈ ਐੱਸਐੱਸਪੀਜ਼ ਵੱਲੋਂ ਚੋਣ ਲੜਨ ਲਈ ਫੰਡਿਗ ਕਰਨ ਦਾ ਅਕਾਲੀ ਦਲ ਵੱਲੋਂ ਐਤਵਾਰ ਨੂੰ ਪ੍ਰਰੈਸ ਕਾਨਫਰੰਸ ਦੌਰਾਨ ਖੁਲਾਸਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਅਕਾਲੀ ਲੀਡਰਸ਼ਿਪ ਨੇ ਰਾਜੋਆਣਾ ਦੀ ਫਾਂਸੀ ਮਾਫ਼ੀ ਮੁੱਦੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਪਟਨ ਸੰਧੂ, ਐੱਮਪੀ ਬਿੱਟੂ ਅਤੇ ਕਾਂਗਰਸ ਨੂੰ ਸਥਿਤੀ ਸਪੱਸ਼ਟ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇਸ ਦੇ ਆਗੂ ਇਸ ਮੁੱਦੇ 'ਤੇ ਵੱਖੋ ਵੱਖਰੀਆਂ ਗੱਲਾਂ ਕਰ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂਆਂ ਬਿਕਰਮ ਸਿੰਘ ਮਜੀਠਿਆ, ਡਾ. ਦਲਜੀਤ ਸਿੰਘ ਚੀਮਾ, ਮਨਪ੍ਰਰੀਤ ਸਿੰਘ ਇਆਲੀ, ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਪ੍ਰਰੈਸ ਕਾਨਫਰੰਸ ਵਿਚ ਜਿੱਥੇ ਉੱਚ ਅਧਿਕਾਰੀਆਂ ਵੱਲੋਂ ਉਮੀਦਵਾਰ ਨੂੰ ਮੋਟਾ ਫੰਡ ਭੇਜਣ ਦੀ ਗੱਲ ਕਹੀ ਗਈ, ਉਥੇ ਥਾਣਾ ਦਾਖਾ ਦੇ ਐੱਸਐੱਚਓ ਨੂੰ ਕਾਂਗਰਸ ਦਾ 'ਸਟਾਰ ਪ੍ਰਚਾਰਕ' ਦੱਸਣ ਦੇ ਨਾਲ-ਨਾਲ ਸੀਐੱਮ ਹਾਊਸ ਵਿਚ ਕੈਪਟਨ ਸੰਧੂ ਨੂੰ ਜਿਤਾਉਣ ਲਈ ਸਰਕਾਰੀ ਤੰਤਰ ਨੂੰ ਦਾਅ 'ਤੇ ਲਾਉਣ ਅਤੇ ਦਾਖਾ ਹਲਕੇ ਵਿਚ ਬਾਹਰੀ ਲੋਕਾਂ ਨੂੰ ਲਿਆ ਕੇ ਜਿਤਾਉਣ ਲਈ ਲਿਸਟਾਂ ਬਣਨ ਦੀ ਵੀ ਗੱਲ ਕਹੀ ਗਈ। ਪ੍ਰਰੈਸ ਕਾਨਫਰੰਸ ਰਾਹੀਂ ਮਜੀਠਿਆ ਨੇ ਅਫਸਰਸ਼ਾਹੀ ਨੂੰ ਲੋਕਤੰਤਰ ਦਾ ਘਾਣ ਨਾ ਕਰਨ ਦੀ ਅਪੀਲ ਕਰਦਿਆਂ ਚਿਤਾਵਨੀ ਦਿੱਤੀ ਕਿ ਅਜਿਹਾ ਹੋਣ 'ਤੇ ਉਨ੍ਹਾਂ ਨੂੰ ਖਮਿਆਜ਼ਾ ਵੀ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਥਾਣਾ ਦਾਖਾ ਵਿਖੇ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਪੁਰਾਣੀ ਤਾਰੀਕ ਵਿਚ ਕਾਂਗਰਸੀ ਪਰਿਵਾਰ ਦੇ ਚਰਚਿਤ ਇੰਸਪੈਕਟਰ ਪ੍ਰਰੇਮ ਸਿੰਘ ਨੂੰ ਥਾਣਾ ਦਾਖਾ ਦਾ ਐੱਸਐੱਚਓ ਲਾਇਆ ਗਿਆ, ਜੋ ਕਾਂਗਰਸ ਦਾ ਸਟਾਰ ਪ੍ਰਚਾਰਕ ਬਣ ਕੇ ਕੈਪਟਨ ਸੰਧੂ ਦੇ ਹੱਕ ਵਿਚ ਕੰਮ ਕਰ ਰਿਹਾ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਮਾਫ਼ੀ ਬਾਰੇ ਕਾਂਗਰਸ ਆਪਣਾ ਸਟੈਂਡ ਸਪੱਸ਼ਟ ਕਰੇ। ਉਨ੍ਹਾਂ ਕਿਹਾ ਕਿ ਇਕ ਪਾਸੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਰਾਜੋਆਣੀ ਦੀ ਫਾਂਸੀ ਮਾਫ਼ੀ ਨੂੰ ਲੈ ਕੇ ਵਿਰੋਧ ਕਰ ਰਹੇ ਹਨ ਤੇ ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ 'ਚ ਆਪਣਾ ਪੱਖ ਸਪੱਸ਼ਟ ਨਹੀਂ ਕਰ ਰਹੇ। ਉਨ੍ਹਾਂ ਪ੍ਰਰੈਸ ਕਾਨਫਰੰਸ ਵਿਚ ਪਹਿਲੇ ਵਿਧਾਇਕ ਐੱਚਐੱਸ ਫੂਲਕਾ ਦੇ ਅਸਤੀਫੇ 'ਤੇ ਵੀ ਉਂਗਲੀ ਚੁੱਕਦਿਆਂ ਕਿਹਾ ਕਿ ਇਹ ਸਭ ਕੈਪਟਨ ਸੰਧੂ ਨਾਲ ਹੋਈ ਗੰਢਤੁਪ ਦਾ ਹੀ ਹਿੱਸਾ ਹੈ।

-----

ਡਿਊਟੀ ਨਿਭਾਅ ਰਿਹਾਂ, ਕਿਸੇ ਤੋਂ ਡਰਦਾ ਨਹੀਂ : ਐੱਸਐੱਚਓ

ਅਕਾਲੀ ਦਲ ਵੱਲੋਂ ਨਿਸ਼ਾਨੇ 'ਤੇ ਲਏ ਥਾਣਾ ਦਾਖਾ ਦੇ ਐੱਸਐੱਚਓ ਪ੍ਰਰੇਮ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਆਪਣੀ ਡਿਊਟੀ ਨਿਭਾਅ ਰਹੇ ਹਨ ਅਤੇ ਡਿਊਟੀ ਨਿਭਾਉਂਦੇ ਸਮੇਂ ਕਿਸੇ ਤੋਂ ਡਰਦੇ ਨਹੀਂ। ਅਕਾਲੀ ਦਲ ਵੱਲੋਂ ਪਹਿਲਾਂ ਵੀ ਉਨ੍ਹਾਂ ਖ਼ਿਲਾਫ਼ ਸ਼ਿਕਾਇਤਾਂ ਕੀਤੀਆਂ ਹਨ। ਹੁਣ ਫਿਰ ਝੂਠ-ਤੂਫਾਨ ਬੋਲਿਆ ਜਾ ਰਿਹਾ ਹੈ।