ਬਲਜਿੰਦਰ ਸਿੰਘ ਮਿੱਠਾ, ਸੰਗਰੂਰ : ਕਰਤਾਰਪੁਰ ਲਾਂਘੇ 'ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਸੂਬੇ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਸਥਾਨਕ ਅਨਾਜ ਮੰਡੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਸਿੰਗਲਾ ਨੇ ਕਿਹਾ ਕਿ ਲਾਂਘੇ ਦਾ ਨਿਰਮਾਣ ਕਿਸੇ ਪਿੰਡ ਦੀ ਫਿਰਨੀ ਬਣਵਾਉਣ ਵਾਂਗ ਨਹੀਂ, ਜਿਹੜਾ ਬਿਨਾਂ ਕਿਸੇ ਤਿਆਰੀ ਦੇ ਸ਼ੁਰੂ ਹੋ ਜਾਵੇਗਾ। ਲਾਂਘੇ ਦੇ ਨਿਰਮਾਣ ਦੇ ਲਈ ਤਜਵੀਜ਼ ਸਬੰਧੀ ਫਾਇਲ ਕੇਂਦਰ ਸਰਕਾਰ ਨੂੰ ਭੇਜਿਆਂ 15 ਦਿਨਾਂ ਦਾ ਸਮਾਂ ਲੰਘ ਗਿਆ ਹੈ ਪਰ ਹਾਲੇ ਤਕ ਕੇਂਦਰ ਸਰਕਾਰ ਨੇ ਸੂਬਾ ਸਰਕਾਰ ਨੂੰ ਮਨਜ਼ੂਰੀ ਨਹੀਂ ਦਿੱਤੀ। ਉਹ ਇਸ ਲਈ ਕੇਂਦਰ ਸਰਕਾਰ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਹਨ ਬਲਕਿ ਇਸ ਲਈ ਵਿਦੇਸ਼ ਮੰਤਰਾਲਾ, ਗ੍ਰਹਿ ਮੰਤਰਾਲਾ, ਬੀਐੱਸਐੱਫ, ਫ਼ੌਜ ਸਮੇਤ ਹੋਰਨਾਂ ਵਿਭਾਗਾਂ ਤੋਂ ਸਹਿਮਤੀ ਮਿਲਣੀ ਜ਼ਰੂਰੀ ਹੈ, ਜਿਸ ਦੇ ਲਈ ਸਮਾਂ ਲੱਗ ਰਿਹਾ ਹੈ। ਕੇਂਦਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਸੂਬਾ ਸਰਕਾਰ ਜ਼ਮੀਨ ਐਕਵਾਈਰ ਕਰੇਗੀ। ਇਸ ਦੇ ਨਾਲ ਹੀ ਲਾਂਘਾ ਬਣਾਉਣ ਲਈ ਜ਼ਮੀਨ ਐਕਵਾਇਰ ਕਰਨ, ਕਿਸਾਨਾਂ ਦੀ ਜ਼ਮੀਨ ਦੀ ਨਿਸ਼ਾਨਦੇਹੀ ਤੋਂ ਲੈ ਕੇ ਚੈੱਕ ਪੋਸਟ ਬਣਾਉਣ ਲਈ ਜਗ੍ਹਾ ਦੀ ਚੋਣ ਆਦਿ ਕੀਤੀ ਜਾਣੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਨੇ ਸਿੱਖ ਸੰਗਤ ਸਮੇਤ ਦੇਸ਼-ਵਿਦੇਸ਼ਾਂ ਵਿਚ ਬੈਠੇ ਲੋਕਾਂ ਦੀ ਭਾਵਨਾ ਨੂੰ ਸਮਝਦੇ ਹੋਏ ਕਰਤਾਰਪੁਰ ਲਾਂਘੇ ਦੇ ਸੁਪਨੇ ਨੂੰ ਪੂਰਾ ਕਰਨ ਵੱਲ ਕਦਮ ਚੁੱਕਿਆ ਜਦੋਂਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇਸ ਮੁੱਦੇ 'ਤੇ ਸੂਬਾ ਸਰਕਾਰ ਤੇ ਦੋਸ਼ ਲਾ ਕੇ ਘਟੀਆ ਦਰਜੇ ਦੀ ਰਾਜਨੀਤੀ ਕਰ ਰਹੀ ਹੈ। ਇਸ ਸਮੇਂ ਬੀਬੀ ਰਜਿੰਦਰ ਕੌਰ ਭੱਠਲ ਨੇ ਕਿਹਾ ਕਿ ਹਰਸਿਮਰਤ, ਕੇਂਦਰੀ ਮੰਤਰੀ ਹੈ ਜਦੋਂਕਿ ਉਸ ਨੂੰ ਲਾਂਘੇ ਦੇ ਨਿਰਮਾਣ ਦੇ ਅਸਲ ਸਿਸਟਮ ਦੀ ਜਾਣਕਾਰੀ ਨਹੀਂ ਹੈ। ਸਾਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧਾਂ, ਨਿਯਮਾਂ 'ਤੇ ਗੌਰ ਕਰਨ ਤੋਂ ਬਾਅਦ ਹੀ ਇਸ 'ਤੇ ਕੰਮ ਕੀਤਾ ਜਾਣਾ ਹੈ।