ਲਾਸ ਏਂਜਲਸ (ਏਜੰਸੀ) : ਵਾਤਾਵਰਨ ਵਿਚ ਕਈ ਟਨ ਮੀਥੇਨ ਘੋਲ ਦੇਣ ਅਤੇ ਹਜ਼ਾਰਾਂ ਲਾਸ ਏਂਜਲਸ ਵਾਸੀਆਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕਰਨ ਵਾਲੇ ਗੈਸ ਖੂਹਾਂ ਤੋਂ ਹੋ ਰਹੇ ਰਿਸਾਅ 'ਤੇ ਸਥਾਈ ਤੌਰ 'ਤੇ ਕਾਬੂ ਪਾਇਆ ਜਾ ਚੁੱਕਾ ਹੈ। ਇਹ ਜਾਣਕਾਰੀ ਸੂਬੇ ਦੇ ਅਫਸਰਾਂ ਨੇ ਦਿੱਤੀ ਹੈ। ਇਕ ਐਲਾਨ ਜ਼ਰੀਏ ਸਦਰਨ ਕੈਲੀਫੋਰਨੀਆ ਗੈਸ ਕੰਪਨੀ ਦੀਆਂ ਉਨ੍ਹਾਂ ਖਬਰਾਂ ਦੀ ਪੁਸ਼ਟੀ ਹੋ ਗਈ ਜਿਨ੍ਹਾਂ ਵਿਚ ਕਿਹਾ ਜਾ ਰਿਹਾ ਸੀ ਕਿ ਪੋਰਟਰ ਰਾਂਚ ਵਿਖੇ ਉਕਤ ਅਦਾਰੇ ਵਿਚ ਖੂਹ ਤੋਂ ਹੋ ਰਹੇ ਗੈਸ ਦੇ ਰਿਸਾਅ 'ਤੇ ਕਾਬੂ ਪਾ ਲਿਆ ਗਿਆ ਹੈ।

ਇਸ ਖਬਰ ਨਾਲ 4 ਮਹੀਨੇ ਤੋਂ ਚੱਲ ਰਹੇ ਉਸ ਸੰਕਟ ਦਾ ਹੱਲ ਹੋ ਗਿਆ ਹੈ ਜਿਸ ਵਿਚ ਪੋਰਟਰ ਰਾਂਚ ਦੇ ਹਜ਼ਾਰਾਂ ਵਾਸੀ ਗੈਸ ਦੇ ਧੂੰਏਂ ਕਾਰਨ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਲਾਸ ਏਂਜਲਸ ਵਿਚ ਆਪਣੇ ਘਰ ਛੱਡਣੇ ਪਏ। ਕੈਲੀਫੋਰਨੀਆ ਦੇ ਉਚ ਅਫਸਰ ਜੈਸਨ ਮਾਰਸ਼ਲ ਨੇ ਕਿਹਾ ਕਿ ਨੁਕਸਾਨੀ ਗਈ ਕੰਕਰੀਟ ਸੀਲ ਕਰ ਦਿੱਤੀ ਗਈ ਹੈ ਅਤੇ ਇਸ ਤਰ੍ਹਾਂ ਇਸ ਨੂੰ ਸਥਾਈ ਤੌਰ 'ਤੇ ਸੇਵਾ ਤੋਂ ਬਾਹਰ ਕਰ ਦਿੱਤਾ ਗਿਆ ਹੈ। ਸਭ ਤੋਂ ਪਹਿਲੀ ਵਾਰ 23 ਅਕਤੂਬਰ ਨੂੰ ਕੰਪਨੀ ਦੇ ਐਲਿਸੋ ਕੈਨੀਅਨ ਅਦਾਰੇ ਵਿਚ ਗੈਸ ਰਿਸਾਅ ਦਾ ਪਤਾ ਲੱਗਾ ਸੀ। ਇਸ ਨੂੰ ਵਾਤਾਵਰਨ ਆਫਤ ਕਿਹਾ ਜਾ ਰਿਹਾ ਹੈ। ਰੰਗਹੀਣ ਤੇ ਗੰਧਹੀਣ ਗੈਸ ਮੀਥੇਨ ਕਾਰਬਨ ਡਾਈ ਆਕਸਾਈਡ ਤੋਂ ਕਿਤੇ ਵੱਧ ਤੇਜ਼ ਗ੍ਰੀਨਹਾਊਸ ਗੈਸ ਹੈ।