ਹਰਵਿੰਦਰ ਰਿਆੜ, ਨਿਊਯਾਰਕ : ਸ਼੍ਰੋਮਣੀ ਅਕਾਲੀ ਦਲ ਅਮਰੀਕਾ ਦੀ ਜਥੇਬੰਦੀ ਦੇ ਈਸਟ ਕੋਸਟ ਚੇਅਰਮੈਨ ਸਤਪਾਲ ਸਿੰਘ ਬਰਾੜ ਜੋ ਖਡੂਰ ਸਾਹਿਬ ਚੋਣ ਮੁਹਿੰਮ ਵਿਚ ਭਾਗ ਲੈਣ ਲਈ ਅਮਰੀਕਾ ਤੋਂ ਵਿਸ਼ੇਸ਼ ਤੌਰ 'ਤੇ ਪੰਜਾਬ ਗਏ ਹਨ, ਉਨ੍ਹਾਂ ਨੂੰ ਦਿੱਲੀ ਏਅਰਪੋਰਟ ਤੋਂ ਸਟੇਟ ਗੈਸਟ ਦੇ ਮਾਣ ਸਤਿਕਾਰ ਨਾਲ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਰਿਸੀਵ ਕੀਤਾ। ਦਿੱਲੀ ਗੁਰਦੁਆਰਾ ਸਾਹਿਬਾਨ ਵਿਖੇ ਮੱਥਾ ਟੇਕ ਕੇ ਅਕਾਲ ਪੁਰਖ ਦਾ ਅਸ਼ੀਰਵਾਦ ਲੈਣ ਉਪਰੰਤ ਮਨਜੀਤ ਸਿੰਘ ਜੀਕੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਵਤਾਰ ਸਿੰਘ ਹਿੱਤ ਚੇਅਰਮੈਨ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।

ਸੁਖਬੀਰ ਸਿੰਘ ਬਾਦਲ ਦੇ ਓਐੱਮਡੀ ਚਰਨਜੀਤ ਸਿੰਘ ਬਰਾੜ ਨੇ ਪ੍ਰਧਾਨ ਸਾਹਿਬ ਦਾ ਸੰਦੇਸ਼ਾ ਸਤਪਾਲ ਸਿੰਘ ਬਰਾੜ ਨੂੰ ਦਿੱਤਾ ਕਿ ਉਹ ਪੰਜਾਬ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ ਵਿਚ ਸੁਖਬੀਰ ਸਿੰਘ ਬਾਦਲ ਦੀ ਰਿਹਾਇਸ਼ 'ਤੇ ਸਵੇਰ ਦੇ ਨਾਸ਼ਤੇ 'ਤੇ ਹਾਜ਼ਰ ਹੋ ਕੇ ਵਿਦੇਸ਼ੀ ਅਕਾਲੀ ਦਲ ਦੀ ਪ੍ਰਤੀਕਿਰਿਆ, ਸਮੀਖਿਆ ਅਤੇ ਕਾਰਗੁਜ਼ਾਰੀ 'ਤੇ ਚਾਨਣਾ ਪਾਉਣ। ਜਦੋਂ ਇਸ ਸਬੰਧੀ ਮਨਜੀਤ ਸਿੰਘ ਜੀਕੇ ਅਤੇ ਅਵਤਾਰ ਸਿੰਘ ਹਿੱਤ ਨੂੰ ਵੀ ਸਾਂਝੇ ਤੌਰ 'ਤੇ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਇਹ ਸੋਨੇ 'ਤੇ ਸੁਹਾਗਾ ਹੋ ਗਿਆ।

ਇਸ ਮੀਟਿੰਗ ਵਿਚ ਸੁਖਬੀਰ ਸਿੰਘ ਬਾਦਲ ਨੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਉਪਰੰਤ ਉਨ੍ਹਾਂ ਨੂੰ ਥਾਪੜਾ ਦਿੱਤਾ ਕਿ ਉਹ ਪੂਰੇ ਅਮਰੀਕਾ ਦੀ ਕਾਰਗੁਜ਼ਾਰੀ 'ਤੇ ਨਜ਼ਰ ਰੱਖਣ ਅਤੇ ਸਮੇਂ-ਸਮੇਂ 'ਤੇ ਉਸ ਦੀ ਜਾਣਕਾਰੀ ਸਿੱਧੇ ਤੌਰ 'ਤੇ ਉਨ੍ਹਾਂ ਨੂੰ ਦਿੱਤੀ ਜਾਵੇ। ਜਿੱਥੇ ਉਨ੍ਹਾਂ ਅਕਾਲੀ ਦਲ ਅਹੁਦੇਦਾਰਾਂ ਦੇ ਵਿਸਥਾਰ ਅਤੇ ਪਰਵਾਸੀਆਂ ਦੇ ਕੇਸਾਂ ਨੂੰ ਹੱਲ ਕਰਨ ਲਈ ਇਕ ਆਈਏਐੱਸ, ਇਕ ਆਈਪੀਐੱਸ ਅਤੇ ਇਕ ਮੰਤਰੀ ਨਾਲ ਸਿੱਧੇ ਸੰਪਰਕ ਸਬੰਧੀ ਪਰਵਾਸੀ ਅਹੁਦੇਦਾਰਾਂ ਨੂੰ ਅਧਿਕਾਰ ਦੇਣ ਦੀ ਗੱਲ ਕਹੀ, ਉੱਥੇ ਹੀ ਮੀਡੀਆ ਸਬੰਧੀ ਵੀ ਗੱਲਾਂ ਉੱਭਰ ਕੇ ਸਾਹਮਣੇ ਆਈਆਂ। ਸੁਖਬੀਰ ਬਾਦਲ ਨੇ ਕਿਹਾ ਕਿ ਅਸੀਂ ਸਾਰੇ ਅਖਬਾਰਾਂ ਦੀਆਂ ਸੁਰਖੀਆਂ ਤੋਂ ਜਾਣੂ ਹਾਂ। ਅਸੀਂ ਵਿਦੇਸ਼ੀ ਅਕਾਲੀ ਦਲ ਅਤੇ ਪਰਵਾਸੀਆਂ ਦੀਆਂ ਮੁਸ਼ਕਲਾਂ ਤੋਂ ਵੀ ਜਾਣੂੰ ਹਾਂ ਪਰ ਅਸੀਂ ਬਰਾੜ ਸਾਹਿਬ ਦੇ ਮੂੰਹੋਂ ਵੀ ਸੁਣਨਾ ਚਾਹੁੰਦੇ ਹਾਂ। ਹਾਲ ਦੀ ਘੜੀ ਸਾਨੂੰ ਪੰਜਾਬੀ ਕਮਿਊਨਿਟੀ 'ਤੇ ਫੋਕਸ ਕਰਕੇ ਖਬਰਾਂ ਦਾ ਆਗਾਜ਼ ਮਜ਼ਬੂਤ ਮੈਟਰੋਪੋਲੀਟਨ ਤੋਂ ਕਰਨਾ ਚਾਹੀਦਾ ਹੈ।

ਪਰਵਾਸੀ ਅਹੁਦੇਦਾਰਾਂ ਦੇ ਪਛਾਣ ਪੱਤਰਾਂ ਸਬੰਧੀ ਵੀ ਸੁਖਬੀਰ ਸਿੰਘ ਬਾਦਲ ਨੇ ਮੋਹਰ ਲਗਾ ਦਿੱਤੀ ਹੈ। ਤਿੰਨ ਘੰਟੇ ਚੱਲੀ ਇਸ ਮੀਟਿੰਗ ਵਿਚ ਸਾਰੇ ਨੁਕਤਿਆਂ 'ਤੇ ਵਿਚਾਰਾਂ ਹੋਈਆਂ ਅਤੇ ਬਰਾੜ ਸਾਹਿਬ ਨੂੰ ਥਾਪੜਾ ਦਿੱਤਾ ਗਿਆ ਕਿ ਉਹ ਬੇਿਝਜਕ ਕੰਮ ਕਰਨ ਅਤੇ ਸਿੱਧੇ ਤੌਰ 'ਤੇ ਸੁਖਬੀਰ ਬਾਦਲ ਨੂੰ ਜਾਣਕਾਰੀ ਦਿੰਦੇ ਰਹਿਣ।

ਅਖੀਰ ਵਿਚ ਸੁਖਬੀਰ ਬਾਦਲ ਵੱਲੋਂ ਪਰਵਾਸੀ ਅਕਾਲੀ ਦਲ ਦੀ ਕਾਰਗੁਜ਼ਾਰੀ 'ਤੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਅਮਰੀਕਾ ਆਉਣ ਸਬੰਧੀ ਆਪਣੀ ਦਿਲਚਸਪੀ ਜ਼ਾਹਿਰ ਕੀਤੀ ਗਈ ਜਿਸ ਬਾਰੇ ਬਰਾੜ ਸਾਹਿਬ ਦੀ ਵਾਪਸੀ 'ਤੇ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਬਰਾੜ ਸਾਹਿਬ ਨੂੰ ਖਡੂਰ ਸਾਹਿਬ ਵਿਖੇ 11 ਫਰਵਰੀ ਨੂੰ ਇਕ ਚੋਣ ਰੈਲੀ ਵਿਚ ਆਪਣੇ ਨਾਲ ਸਟੇਜ ਸਾਂਝੀ ਕਰਨ ਦਾ ਸੱਦਾ ਵੀ ਦਿੱਤਾ ਸੀ।

ਮੀਟਿੰਗ ਉਪਰੰਤ ਬਰਾੜ ਸਾਹਿਬ ਖਡੂਰ ਸਾਹਿਬ ਰਵਾਨਾ ਹੋ ਗਏ ਅਤੇ ਚੋਣ ਉਪਰੰਤ ਮੁੜ ਮਿਲ ਕੇ ਆਖਰੀ ਰੂਪ-ਰੇਖਾ ਸਬੰਧੀ ਵਿਚਾਰਾਂ ਕਰਨ ਲਈ ਸੁਖਬੀਰ ਬਾਦਲ ਨਾਲ ਮੀਟਿੰਗ ਕਰਨਗੇ। ਮਨਜੀਤ ਸਿੰਘ ਜੀਕੇ ਸ਼੍ਰੋਮਣੀ ਅਕਾਲੀ ਦਲ ਨੇਤਾ ਅਤੇ ਪ੍ਰਧਾਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਵਤਾਰ ਸਿੰਘ ਹਿੱਤ ਚੇਅਰਮੈਨ ਨੇ ਵੀ ਬਰਾੜ ਸਾਹਿਬ ਦੀ ਕਾਰਗੁਜ਼ਾਰੀ ਤੇ ਅਮਰੀਕਾ ਅਕਾਲੀ ਦਲ ਨੂੰ ਮਜ਼ਬੂਤ ਕਰਨ 'ਤੇ ਮੋਹਰ ਲਗਾਈ। ਬਰਾੜ ਸਾਹਿਬ ਨੇ ਪੂਰੀ ਟੀਮ ਦਾ ਧੰਨਵਾਦ ਕੀਤਾ।