ਸੁਖਮਿੰਦਰ ਸਿੰਘ ਚੀਮਾ, ਵੈਨਕੂਵਰ : ਇੰਡੀਆਨਾ ਸੂਬੇ ਦੇ ਇੰਡੀਆਨਾਪੋਲਿਸ ਸ਼ਹਿਰ ਦੀ ਪੁਲਸ ਪੰਜਾਬੀਆਂ ਦੇ ਗੈਸ ਸਟੇਸ਼ਨ 'ਤੇ ਗੋਲੀ ਚਲਾਉਣ ਵਾਲੇ ਲੁਟੇਰੇ ਦੀ ਭਾਲ ਕਰ ਰਹੀ ਹੈ ਜਿਸਦੀ ਗੋਲੀ ਤੋਂ ਗੈਸ ਸਟੇਸ਼ਨ ਦੇ ਕੈਸ਼ੀਅਰ ਦੀ ਜਾਨ ਬੁਲਟ ਪਰੂਫ ਸ਼ੀਸ਼ੇ ਕਾਰਨ ਬਚ ਗਈ। ਇਹ ਵਾਰਦਾਤ ਵੀਰਵਾਰ ਸਵੇਰੇ ਸਾਢੇ 3 ਵਜੇ ਸ਼ੇਰਮਨ ਡਰਾਈਵ ਵਿਖੇ ਪੰਜਾਬੀਆਂ ਦੇ ਗੈਸ ਸਟੇਸ਼ਨ ਉੱਪਰ ਵਾਪਰੀ। ਇਕ ਅਣਪਛਾਤੇ ਹਮਲਾਵਰ ਨੇ ਗੈਸ ਸਟੇਸ਼ਨ ਦੇ ਸਟੋਰ ਅੰਦਰ ਦਾਖਲ ਹੁੰਦਿਆਂ ਹੀ ਕੈਸ਼ੀਅਰ 'ਤੇ ਗੋਲੀਆਂ ਦਾਗ ਦਿੱਤੀਆਂ ਅਤੇ ਕੈਸ਼ ਦੀ ਮੰਗ ਕੀਤੀ ਪਰ ਕੈਸ਼ੀਅਰ ਸੰਦੀਪ ਸਿੰਘ ਦੀ ਜਾਨ ਇਸ ਕਰਕੇ ਬਚ ਗਈ ਕਿਉਂਕਿ ਕਾਊਂਟਰ'ਤੇ ਬੁਲਟ ਪਰੂਫ ਸ਼ੀਸ਼ਾ ਲੱਗਾ ਹੋਇਆ ਸੀ। ਲੁਟੇਰਾ ਇਕ ਹੱਥ ਦਰਵਾਜ਼ੇ ਨੂੰ ਪਾ ਕੇ ਕੈਸ਼ ਦੀ ਮੰਗ ਕਰ ਰਿਹਾ ਸੀ ਪਰ ਜਦ ਉਸ ਨੂੰ ਪਤਾ ਲੱਗਾ ਕਿ ਸੰਦੀਪ ਨੂੰ ਕੁਝ ਨਹੀਂ ਹੋਇਆ ਤਾਂ ਉਹ ਭੱਜ ਗਿਆ। ਇੰਡੀਆਨਾ ਸਟੇਟ ਸਰਕਾਰ ਨੇ ਬੀਤੇ ਦਿਨੀਂ ਹੀ ਕਾਨੂੰਨ ਪਾਸ ਕੀਤਾ ਹੈ ਕਿ ਜਿਨ੍ਹਾਂ ਗੈਸ ਸਟੇਸ਼ਨਾਂ 'ਤੇ ਡਾਕੇ ਦੀਆਂ ਵਾਰਦਾਤਾਂ ਵਾਪਰ ਚੁੱਕੀਆਂ ਹਨ, ਉਨ੍ਹਾਂ ਗੈਸ ਸਟੇਸ਼ਨਾਂ 'ਤੇ ਰਾਤ ਨੂੰ ਕੰਮ ਕਰਨ ਵਾਲੇ ਸਟਾਫ ਲਈ ਬੁਲਟ ਪਰੂਫ ਕਾਊਂਟਰ ਸ਼ੀਸ਼ੇ ਲਗਾਏ ਜਾਣ। ਪੰਜਾਬੀਆਂ ਦੇ ਇਸ ਗੈਸ ਸਟੇਸ਼ਨ ਨੂੰ ਲੁਟੇਰੇ ਕਈ ਵਾਰ ਨਿਸ਼ਾਨਾ ਬਣਾ ਚੁੱਕੇ ਹਨ।